ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਨਾਂ ’ਤੇ ਖੇਡ ਸਟੇਡੀਅਮ ਬਣਾਉਣ ਦਾ ਐਲਾਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੰਦੀਪ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਨੰਗਲ ਅੰਬੀਆਂ ਵਿਖੇ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਕੀਤਾ ਗਿਆ।

ਇਸ ਤੋਂ ਬਾਅਦ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਗੁਰਲਾਲ ਸਿੰਘ ਘਨੌਰ, ਬਚਿੱਤਰ ਸਿੰਘ ਕੁਹਾੜ, ਸੁਰਿੰਦਰ ਸਿੰਘ ਮਾਣਕ ਯੂ. ਕੇ., ਤਰਸੇਮ ਸਿੰਘ ਮੋਰਾਂਵਾਲੀ, ਜਥੇਦਾਰ ਹਾਕਮ ਸਿੰਘ, ਭੁਪਿੰਦਰ ਸਿੰਘ ਸਾਬਕਾ ਗ੍ਰਹਿ ਮੰਤਰੀ, ਟੋਨੀ ਸੰਧੂ ਜਨਰਲ ਸਕੱਤਰ ਮੇਜਰ ਲੀਗ ਕਬੱਡੀ, ਮਨਜੀਤ ਸਿੰਘ ਰਾਏ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੋਆਬਾ, ਸੁਖਵਿੰਦਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਮੱਖਣ ਡਿੰਪੀ, ਰਵੇਲ ਸਿੰਘ ਤੋਂ ਇਲਾਵਾ ਹੋਰ ਕਬੱਡੀ ਦੇ ਖੇਡ ਪ੍ਰਮੋਟਰ ਵੱਲੋਂ ਸ਼ਰਧਾਂਜਲੀ ਦਿੱਤੀ ਗਈ।

ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਸੰਦੀਪ ਦੇ ਨਾਂ ’ਤੇ ਇਕ ਖੇਡ ਸਟੇਡੀਅਮ ਸਰਕਾਰੀ ਸਕੂਲ ਦੀ ਗਰਾਊਂਡ ਵਿਚ ਬਣਾਇਆ ਜਾਵੇਗਾ, ਜਿਸ ਲਈ ਉਹ ਆਪਣੇ ਐੱਮ. ਪੀ. ਫੰਡ ਚੋਂ 10 ਲੱਖ ਰੁਪਏ ਜਦਕਿ ਪ੍ਰਸ਼ਾਸਨ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ, ਜਿਨ੍ਹਾਂ ਵੱਲੋਂ 15 ਲੱਖ ਰੁਪਏ ਦਿੱਤੇ ਜਾਣਗੇ।

ਇਸ ਮੌਕੇ ਮੇਜਰ ਲੀਗ ਕਬੱਡੀ ਦੇ ਚੇਅਰਮੈਨ ਜਥੇਦਾਰ ਹਾਕਮ ਸਿੰਘ ਨੇ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਦੀ ਮੌਤ ਨਾਲ ਸਾਰਾ ਹੀ ਖੇਡ ਜਗਤ ਅਤੇ ਉਸ ਦੇ ਚਾਹੁਣ ਵਾਲੇ ਗਹਿਰੇ ਸਦਮੇ ਵਿਚ ਸਨ ਅਤੇ ਸਾਰੇ ਹੀ ਫੈਡਰੇਸ਼ਨਾਂ ਵੱਲੋਂ ਕਬੱਡੀ ਦੇ ਟੂਰਨਾਮੈਂਟ ਅਤੇ ਮੈਚਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਉਨ੍ਹਾਂ ਕਿਹਾ ਕਿ ਸੰਦੀਪ ਹੀ ਮੇਜਰ ਲਈ ਕਬੱਡੀ ਦਾ ਪ੍ਰਧਾਨ ਰਹੇਗਾ, ਜਿਸ ਦੀ ਚੇਅਰ ਵੱਖਰੀ ਹੀ ਲੱਗਿਆ ਕਰੇਗੀ।