ਇੱਕ ਹੋਰ ਕੁੜੀ ਦਾ ਪਾਕਿਸਤਾਨ ‘ਚ ਕਰਵਾਇਆ ਗਿਆ ਧਰਮ ਪਰਿਵਰਤਨ

by

ਨਵੀਂ ਦਿੱਲੀ (Vikram Sehajpal) : ਪਾਕਿਸਤਾਨ ਵਿੱਚ ਸਿੱਖ ਅਤੇ ਹਿੰਦੂ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਹਿਕ ਕੇਸਵਾਨੀ ਨਾਂ ਦੀ ਕੁੜੀ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ। ਇਸ ਦਾ ਖੁਲਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ। ਸਿਰਸਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਮਹਿਕ ਕੇਸਵਾਨੀ ਨਾਂ ਦੀ ਲੜਕੀ ਦਾ ਨਾਂ ਬਦਲ ਕੇ ਮਹਿਕ ਫਾਤਿਮਾ ਰੱਖ ਦਿੱਤਾ ਗਿਆ ਹੈ ਤੇ ਫੇਰ ਮੁਹੰਮਦ ਅਸ਼ਰ ਨਾਂ ਦੇ ਮੁਸਲਿਮ ਵਿਅਕਤੀ ਨਾਲ ਉਸਦਾ ਵਿਆਹ ਕਰਵਾ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਜਗਜੀਤ ਕੌਰ ਤੇ ਹੋਰ ਬਾਕੀ ਕੇਸਾਂ ਵਾਂਗ ਇਹ ਵੀ ਪਹਿਲਾਂ ਅਗਵਾ ਕੀਤੀ ਗਈ, ਫਿਰ ਧਰਮ ਪਰਿਵਰਤਨ ਕਰਵਾਇਆ ਗਿਆ। 

ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਸਿਆਸਤਦਾਨ ਮੀਆਂ ਜਾਵੇਦ ਨੇ ਇਸ ਦਾ ਵਿਆਹ ਕਰਵਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਮੀਆਂ ਮਿੱਠੂ ਨਾਂ ਦਾ ਅਜਿਹਾ ਵਿਅਕਤੀ ਹੈ ਜੋ ਕਿ ਅਜਿਹੇ ਮਾਮਲਿਆਂ ਵਿੱਚ ਧਰਮ ਪਰਿਵਰਤਨ ਕਰਵਾਉਣ ਤੇ ਨਿਕਾਹ ਕਰਵਾਉਣ ਲਈ ਮਸ਼ਹੂਰ ਹੈ। ਉਸ ਨੇ ਪਹਿਲਾਂ ਵੀ ਬਹੁਤ ਸਾਰੇ ਕੇਸਾਂ ਵਿੱਚ ਧਰਮ ਪਰਿਵਰਤਨ ਕਰਵਾ ਕੇ ਅਜਿਹੇ ਨਿਕਾਹ ਕਰਵਾਏ ਹਨ। ਉਨ੍ਹਾਂ ਨੇ ਦੱਸਿਆ ਕਿ ਕੁੜੀ ਦੇ ਪਿਤਾ ਅਮਰ ਲਾਲ ਕੇਸਵਾਨੀ ਇਨਸਾਫ ਦੇ ਲਈ ਸੜਕਾਂ ‘ਤੇ ਰੋਸ ਮੁਜ਼ਾਹਰੇ ਕਰ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ।ਸਿਰਸਾ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਹਰ ਸਾਲ ਸਿੰਧ ਤੋਂ 1000 ਲੜਕੀਆਂ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ ਕਿਉਂਕਿ ਉਹ ਦੇਸ਼ ਵਿਚ ਘੱਟ ਗਿਣਤੀ ਸਿੱਖ ਅਤੇ ਹਿੰਦੂ ਭਾਈਚਾਰੇ ਨਾਲ ਸਬੰਧਤ ਲੜਕੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੜਕੀਆਂ ਨਾਲ ਅਤਿਆਚਾਰ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਉਹ ਘੱਟ ਗਿਣਤੀ ਨਾਲ ਸਬੰਧਤ ਹਨ।ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ, ਅਫਗਾਨਿਤਸਾਨ ਤੇ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਕੋਲ ਭਾਰਤ ਵਿੱਚ ਆ ਕੇ ਵਸਣ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਰਹਿ ਗਿਆ ਜਿਥੇ ਉਹ ਜਾ ਕੇ ਸ਼ਰਣ ਲੈ ਸਕਣ। ਸਿਰਸਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਪਰਿਵਾਰਾਂ ਨੂੰ ਇਥੇ ਸ਼ਰਣ ਦਿੱਤੀ ਜਾਵੇ ਅਤੇ ਨਾਗਰਿਕਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਅਸੀਂ ਘੱਟ ਗਿਣਤੀਆਂ ਦੀਆਂ ਆਪਣੀਆਂ ਧੀਆਂ ਅਤੇ ਪਰਿਵਾਰਾਂ ਦੀ ਰਾਖੀ ਕਰ ਸਕੀਏ।