ਸ਼ੰਭੂ ਸਰਹੱਦ ‘ਤੇ ਇੱਕ ਹੋਰ ਕਿਸਾਨ ਨੇ ਗਵਾਈ ਜਾਨ, ਚਾਰ ਦਿਨਾਂ ‘ਚ ਹੈ ਤੀਜੀ ਮੌਤ

by jaskamal

ਪੱਤਰ ਪ੍ਰੇਰਕ : ਚੰਡੀਗੜ੍ਹ ਸ਼ੰਭੂ ਬਾਰਡਰ ‘ਤੇ ਜਾਰੀ ਕਿਸਾਨਾਂ ਦੇ ਅੰਦੋਲਨ 2 ਵਿੱਚ ਕਿਸਾਨਾਂ ਦੀ ਮੌਤ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਸਵੇਰੇ ਕਿਸਾਨੀ ਧਰਨੇ ਵਿੱਚ ਹਿੱਸਾ ਲੈ ਰਹੇ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਜਸਵੰਤ ਸਿੰਘ ਪੁੱਤਰ ਗੁਰਦਿੱਤ ਸਿੰਘ ਉਮਰ 70 ਸਾਲ ਪਿੰਡ ਸਾਹਬਾਜਪੁਰ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ । ਮਿਲੀ ਜਾਣਕਾਰੀ ਮੁਤਾਬਿਕ ਤਰਨ ਤਰਨ ਨਾਲ ਸਬੰਧਤ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਕਿਸਾਨਾਂ ਦੀ ਸ਼ਹਾਦਤ: ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਲੀਲਾ ਨੇ ਦੱਸਿਆ ਕਿ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰਾਂ ਉਹਨਾਂ ਦਾ ਸਾਥ ਨਹੀਂ ਦੇ ਰਹੀਆਂ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਦਿੱਲੀ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨਾਂ ਵੱਲੋਂ ਆਪਣੀ ਸ਼ਹਾਦਤ ਦਿੱਤੀ ਗਈ ਸੀ ਤੇ ਹੁਣ ਦੂਜੇ ਕਿਸਾਨ ਅੰਦੋਲਨ ਵਿਚ ਵੀ 20 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਕਿਸਾਨ ਜਸਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮੌਤ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿਸਾਨ ਜਸਵੰਤ ਸਿੰਘ ਆਪਣੇ ਪਿੱਛੇ ਪਤਨੀ ਬਲਵਿੰਦਰ ਕੌਰ ਪੁੱਤਰ ਰਣਜੋਧ ਸਿੰਘ,ਧੀ ਸਤਿੰਦਰ ਕੌਰ ਤੇ ਸਿਮਰਨਜੀਤ ਕੌਰ ਛੱਡ ਗਿਆ ਹੈ। ਦਸੱਣਯੋਗ ਹੈ ਕਿ 13 ਫਰਵਰੀ ਨੂੰ ਸ਼ੰਭੂ ਸਰਹੱਦ 'ਤੇ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਉਹ ਮਰਨ ਵਾਲਾ 20ਵਾਂ ਕਿਸਾਨ ਹੈ। ਪਿਛਲੇ ਚਾਰ ਦਿਨਾਂ ਵਿੱਚ ਇੱਕ ਮਹਿਲਾ ਕਿਸਾਨ ਸਮੇਤ ਤਿੰਨ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਸੁਰਿੰਦਰਪਾਲ ਸਿੰਘ (65) ਦੀ 4 ਮਈ ਨੂੰ ਰਾਜਪੁਰਾ ਦੇ ਪਿੰਡ ਸੇਹਰਾ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਖ਼ਿਲਾਫ਼ ਧਰਨੇ ਦੌਰਾਨ ਮੌਤ ਹੋ ਗਈ ਸੀ। ਐਤਵਾਰ ਨੂੰ ਸ਼ੰਭੂ ਰੇਲਵੇ ਸਟੇਸ਼ਨ 'ਤੇ 'ਰੇਲ ਰੋਕੋ' ਧਰਨੇ ਦੌਰਾਨ ਤਰਨਤਾਰਨ ਦੀ ਕਿਸਾਨ ਬਲਵਿੰਦਰ ਕੌਰ ਦੀ ਮੌਤ ਹੋ ਗਈ। ਇਹਨਾਂ ਵਿੱਚ ਬੀਤੇ ਦਿਨੀਂ ਪਿੰਡ ਸਿਹਰਾ ਵਿਖੇ ਭਾਜਪਾ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਇਕ ਕਿਸਾਨ ਦੀ ਵੀ ਮੌਤ ਹੋਈ ਸੀ।