ਨਿਊਯਾਰਕ (ਰਾਘਵ): ਅਮਰੀਕਾ ਵਿਖੇ ਇੰਡੀਆਨਾ ਰਾਜ ਦੇ ਗ੍ਰੀਨਵੁੱਡ ਵਿੱਚ ਸਥਿਤ BAPS ਸ਼੍ਰੀ ਸਵਾਮੀਨਾਰਾਇਣ ਮੰਦਰ ਇੱਕ ਵਾਰ ਫਿਰ ਭੰਨਤੋੜ ਅਤੇ ਛੇੜਛਾੜ ਦਾ ਸ਼ਿਕਾਰ ਹੋ ਗਿਆ ਹੈ। ਇਹ ਘਟਨਾ 10 ਅਗਸਤ ਦੀ ਰਾਤ ਨੂੰ ਵਾਪਰੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਖਾਲਿਸਤਾਨੀ ਸਮਰਥਕਾਂ ਨੇ ਮੰਦਰ ਦੇ ਸਾਈਨਬੋਰਡ ਅਤੇ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ। ਇਸ ਘਟਨਾ ਨੂੰ 'ਨਫ਼ਰਤੀ ਅਪਰਾਧ' ਵਜੋਂ ਦੇਖਿਆ ਜਾ ਰਿਹਾ ਹੈ। ਪਿਛਲੇ ਇੱਕ ਸਾਲ ਵਿੱਚ ਮੰਦਰ 'ਤੇ ਇਹ ਚੌਥਾ ਹਮਲਾ ਹੈ, ਜਿਸ ਨਾਲ ਹਿੰਦੂ ਭਾਈਚਾਰੇ ਵਿੱਚ ਗੁੱਸਾ ਹੈ।
BAPS ਪਬਲਿਕ ਅਫੇਅਰਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਨਾਲ ਹੀ ਕਿਹਾ ਕਿ ਅਜਿਹੇ ਹਮਲੇ ਭਾਈਚਾਰੇ ਦੀ ਏਕਤਾ ਨੂੰ ਮਜ਼ਬੂਤ ਕਰਦੇ ਹਨ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਵੀ ਘਟਨਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਸ ਵਿਚ ਖਾਲਿਸਤਾਨੀ ਸਮਰਥਕਾਂ ਦਾ ਹੱਥ ਦੱਸਿਆ। ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ 'ਹਿੰਦੂਤਵ' ਕਹਿ ਕੇ ਬਦਨਾਮ ਕਰਨਾ ਅਜਿਹੀ ਨਫ਼ਰਤ ਨੂੰ ਵਧਾਵਾ ਦਿੰਦਾ ਹੈ।
ਸ਼ਿਕਾਗੋ ਵਿੱਚ ਭਾਰਤੀ ਕੌਂਸਲੇਟ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਕੌਂਸਲ ਜਨਰਲ ਨੇ ਸਥਾਨਕ ਭਾਈਚਾਰੇ ਅਤੇ ਗ੍ਰੀਨਵੁੱਡ ਦੇ ਮੇਅਰ ਨਾਲ ਮੀਟਿੰਗ ਕੀਤੀ ਅਤੇ ਇੱਕਜੁੱਟ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ। ਦੂਤਘਰ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਹਿੰਦੂ ਸੰਗਠਨਾਂ ਨੇ ਅਮਰੀਕੀ ਪ੍ਰਸ਼ਾਸਨ ਤੋਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਪੂਜਾ ਸਥਾਨਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਕੁਝ ਦਿਨ ਪਹਿਲਾਂ ਹੋਏ ਇਸ ਹਮਲੇ ਨੇ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਇਸ ਤੋਂ ਪਹਿਲਾਂ ਮਾਰਚ 2024 ਵਿੱਚ ਕੈਲੀਫੋਰਨੀਆ ਦੇ ਚਿਨੋ ਹਿਲਜ਼ ਵਿੱਚ ਬੀ.ਏ.ਪੀ.ਐਸ ਮੰਦਰ ਦੀਆਂ ਕੰਧਾਂ 'ਤੇ ਵੀ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ।



