ਇਕ ਹੋਰ ਬੇਕਸੂਰ ਚੜ੍ਹੀ ਦਾਜ ਦੀ ਬਲ਼ੀ, ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ

by jaskamal

ਨਿਊਜ਼ ਡੈਸਕ : ਸਹੁਰਿਆਂ ਤੋਂ ਤੰਗ ਆ ਕੇ ਪੇਕੇ ਘਰ ਰਹਿੰਦੀ ਵਿਆਹੁਤਾ ਨੇ ਸਲਫ਼ਾਸ ਦੀਆਂ ਗੋਲ਼ੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਰਸਨਜੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਨਿਵਾਸੀ ਗਣੇਸ਼ ਨਗਰ, ਰਾਮਾ ਮੰਡੀ, ਜਲੰਧਰ ਵਜੋਂ ਹੋਈ ਹੈ। ਐੱਸਐੱਚਓ ਰਾਮਾ ਮੰਡੀ ਜਤਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦਕੋਹਾ (ਨੰਗਲਸ਼ਾਮਾ) ਪੁਲਸ ਚੌਕੀ ਦੇ ਇੰਚਾਰਜ ਐੱਸਆਈ ਮਨਪ੍ਰੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕਾ ਰਸਨਜੀਤ ਕੌਰ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਐੱਸਐੱਚਓ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪਿਤਾ ਜਸਵਿੰਦਰ ਸਿੰਘ ਦੇ ਬਿਆਨਾਂ ’ਤੇ ਰਸਨਜੀਤ ਕੌਰ ਦੇ ਪਤੀ ਹਰਦੇਵ ਸਿੰਘ ਪੁੱਤਰ ਜਗਤਾਰ ਸਿੰਘ, ਸੱਸ ਸੁਰਜੀਤ ਕੌਰ ਪਤਨੀ ਜਗਤਾਰ ਸਿੰਘ ਤੇ ਨਣਾਨ ਰੁਪਿੰਦਰ ਕੌਰ ਰੂਬੀ ਤਿੰਨੋਂ ਨਿਵਾਸੀ ਮੁਹੱਲਾ ਸੰਤਪੁਰਾ, ਥਾਣਾ ਸਿਟੀ ਕਪੂਰਥਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸਐੱਚਓ ਅਨੁਸਾਰ ਪੁਲਸ ਨੇ ਰਸਨਜੀਤ ਕੌਰ ਦੇ ਪਤੀ ਹਰਦੇਵ ਸਿੰਘ ਤੇ ਸੱਸ ਸੁਰਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।