ਇਟਲੀ ‘ਚ ਇਕ ਹੋਰ ਪੰਜਾਬੀ ਨੇ ਬਾਡੀ ਬਿਲਡਿੰਗ ਮੁਕਾਬਲਿਆਂ ‘ਚ ਚਮਕਾਇਆ ਨਾਂ

by jaskamal

ਨਿਊਜ਼ ਡੈਸਕ : ਹੁਸ਼ਿਆਰਪੁਰ ਦੇ ਪਿੰਡ ਕਾਹਲਵਾ ਦੇ ਨੌਜਵਾਨ ਮਨਿੰਦਰਪਾਲ ਸਿੰਘ ਨੇ ਇਟਲੀ ਦੇ ਸ਼ਹਿਰ ਪੈਰੂਜਾ ਵਿਖੇ ਕਰਵਾਏ ਗਏ ਬਾਡੀ ਬਿਲਡਿੰਗ ਮੁਕਾਬਲਿਆਂ 'ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇਟਲੀ ਭਰ 'ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਟਲੀ ਦੀ ਆਈਸੀਐੱਨ ਵੱਲੋਂ ਕਰਵਾਏ ਜਾਂਦੇ ਬਾਡੀ ਬਿਲਡਿੰਗ ਮੁਕਾਬਲਿਆਂ 'ਚ ਇਟਲੀ ਭਰ ਤੋਂ ਵੱਖ-ਵੱਖ ਤਰ੍ਹਾਂ ਦੀਆਂ ਕੈਟਾਗਰੀਆਂ ਦੇ ਬਾਡੀ ਬਿਲਡਰਾਂ ਨੇ ਭਾਗ ਲਿਆ 'ਤੇ ਇਸ ਪ੍ਰਤੀਯੋਗਤਾ 'ਚ ਮਨਿੰਦਰਪਾਲ ਸਿੰਘ ਵੱਲੋਂ ਪਹਿਲੀ ਵਾਰ ਹੀ ਦੂਜਾ ਨੰਬਰ ਹਾਸਲ ਕਰ ਕੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਗਿਆ।

ਪਗੱਲਬਾਤ ਕਰਦੇ ਹੋਏ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਮੁਕਾਮ 'ਤੇ ਪਹੁੰਚਣ ਲਈ ਉਹ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਬਾਡੀ ਬਿਲਡਿੰਗ ਦੇ ਗੁਰ ਸਿਖਾਉਣ ਵਾਲੇ ਗੁਰੂ ਦਾ ਬਹੁਤ ਧੰਨਵਾਦੀ ਹੈ, ਜਿਨ੍ਹਾਂ ਦੀ ਸਿੱਖਿਆ ਕਰਕੇ ਅੱਜ ਮੈਂ ਇਨ੍ਹਾਂ ਮੁਕਾਬਲਿਆਂ ਵਿੱਚ ਮੋਹਰੀ ਰਿਹਾ ਹਾਂ।ਮਨਿੰਦਰ ਪਾਲ ਸਿੰਘ ਬ੍ਰੇਸ਼ੀਆ ਦੇ ਸ਼ਹਿਰ ਲੋਨਾਤੋ ਦੇਲ ਗਾਰਦਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਰਹਿ ਰਿਹਾ ਹੈ। ਉਸ ਦੀ ਇਸ ਜਿੱਤ 'ਤੇ ਇਟਲੀ ਦੇ ਸਮੂਹ ਪੰਜਾਬੀ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।