ਆਮ ਆਦਮੀ ਦੀ ਜੇਬ੍ਹ ‘ਤੇ ਪੈਣ ਜਾ ਰਿਹੈ ਇਕ ਹੋਰ ਡਾਕਾ; CNG ਤੇ PNG ਦੀਆਂ ਕੀਮਤਾਂ ‘ਚ ਭਾਰੀ ਉਛਾਲ

by jaskamal

ਨਿਊਜ਼ ਡੈਸਕ : ਕੁਦਰਤੀ ਗੈਸ ਦੀਆਂ ਕੀਮਤਾਂ 'ਚ ਰਿਕਾਰਡ ਵਾਧੇ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ CNG ਦੀਆਂ ਕੀਮਤਾਂ 'ਚ 80 ਪੈਸੇ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਗੌਤਮ ਬੁੱਧ ਨਗਰ, ਗਾਜ਼ੀਆਬਾਦ ਤੇ ਦਿੱਲੀ 'ਚ ਪਾਈਪ ਵਾਲੀ ਕੁਦਰਤੀ ਗੈਸ (ਪੀਐੱਨਜੀ) ਦੀ ਕੀਮਤ 'ਚ 5.85 ਪ੍ਰਤੀ ਐੱਸਸੀਐਮ ਤੱਕ ਦਾ ਵਾਧਾ ਕੀਤਾ ਗਿਆ ਹੈ। ਇੰਦਰਪ੍ਰਸਥ ਗੈਸ ਲਿਮਿਟੇਡ (IGL) ਨੇ CNG-PNG ਦੀ ਕੀਮਤ 'ਚ ਇਹ ਵਾਧਾ ਕੀਤਾ ਹੈ।

IGL (ਇੰਦਰਪ੍ਰਸਥ ਗੈਸ ਲਿਮਿਟੇਡ) ਰਾਸ਼ਟਰੀ ਰਾਜਧਾਨੀ 'ਚ ਸੀਐੱਨਜੀ ਤੇ ਪਾਈਪ ਵਾਲੀ ਐੱਲਪੀਜੀ ਦੀ ਪ੍ਰਚੂਨ ਵਿਕਰੀ ਕਰਦੀ ਹੈ। ਪਿਛਲੇ ਇਕ ਮਹੀਨੇ 'ਚ ਸੀਐੱਨਜੀ ਦੀਆਂ ਕੀਮਤਾਂ 'ਚ ਇਹ ਛੇਵਾਂ ਵਾਧਾ ਹੈ ਤੇ ਇਸ ਸਮੇਂ ਦੌਰਾਨ ਕੁੱਲ ਕੀਮਤਾਂ 'ਚ ਲਗਪਗ 4 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋ ਚੁੱਕਾ ਹੈ। ਸੀਐੱਨਜੀ ਤੇ ਪੀਐੱਨਜੀ ਦੀਆਂ ਕੀਮਤਾਂ 'ਚ ਇਹ ਵਾਧਾ ਵਿਸ਼ਵ ਪੱਧਰ 'ਤੇ ਗੈਸ ਦੀਆਂ ਕੀਮਤਾਂ 'ਚ ਉਛਾਲ ਕਾਰਨ ਹੋਇਆ ਹੈ

ਇੰਦਰਪ੍ਰਸਥ ਗੈਸ ਲਿਮਟਿਡ (IGL) ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ ਖੇਤਰ (NCT) 'ਚ CNG ਦੀ ਕੀਮਤ 60.01 ਰੁਪਏ ਤੋਂ ਵਧਾ ਕੇ 60.81 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਗਈ ਹੈ। ਹੁਣ ਨੋਇਡਾ, ਗ੍ਰੇਟਰ ਨੋਇਡਾ ਤੇ ਗਾਜ਼ੀਆਬਾਦ 'ਚ ਸੀਐੱਨਜੀ ਦੀ ਕੀਮਤ 63.38 ਰੁਪਏ ਪ੍ਰਤੀ ਕਿਲੋਗ੍ਰਾਮ ਹੋਵੇਗੀ, ਜਦੋਂਕਿ ਗੁਰੂਗ੍ਰਾਮ 'ਚ ਇਹ 69.17 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬਧ ਹੋਵੇਗੀ। ਸੀਐਨਜੀ ਦੀ ਕੀਮਤ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਬਦਲਦੀ ਹੈ। ਇਹ ਵੈਟ (ਵੈਲਿਊ ਐਡਿਡ ਟੈਕਸ) ਵਰਗੇ ਸਥਾਨਕ ਟੈਕਸਾਂ ਦੇ ਪ੍ਰਭਾਵ ਕਾਰਨ ਹੈ।