ਬ੍ਰਾਜ਼ੀਲ ਮੀਡੀਆ: ਪੁਲਿਸ ਦੇ ਭੇਸ 'ਚ ਆਏ ਅੱਠ ਹਥਿਆਰਬੰਦ ਲੁਟੇਰਿਆਂ ਨੇ ਬ੍ਰਾਜ਼ੀਲ ਦੇ ਇਕ ਹਵਾਈ ਅੱਡੇ ਤੋਂ ਕਰੀਬ 750 ਕਿੱਲੋ ਸੋਨਾ ਲੁੱਟ ਲਿਆ। ਦੱਖਣੀ ਅਮਰੀਕਾ ਦੇ ਮਸਰੂਫ਼ ਹਵਾਈ ਅੱਡਿਆਂ 'ਚ ਸ਼ਾਮਲ ਸਾਓ ਪਾਓਲੋ ਦੇ ਗੁਆਰੁਲਹਾਸ ਇੰਟਰਨੈਸ਼ਨਲ ਏਅਰਪੋਰਟ ਦੇ ਕਾਰਗੋ ਟਰਮਿਨਲ ਤੋਂ ਵੀਰਵਾਰ ਨੂੰ ਲੁੱਟੇ ਗਏ ਇਸ ਸੋਨੇ ਦੀ ਕੀਮਤ ਤਿੰਨ ਕਰੋੜ ਡਾਲਰ (ਕਰੀਬ 210 ਕਰੋੜ ਰੁਪਏ) ਦੱਸੀ ਜਾ ਰਹੀ ਹੈ।
ਸੁਰੱਖਿਆ ਮੁਲਾਜ਼ਮਾਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਦੋ ਵਾਹਨਾਂ 'ਚ ਆਏ ਲੁਟੇਰਿਆਂ ਨੇ ਪੁਲਿਸ ਦੀ ਵਰਦੀ ਤੇ ਬੈਜ ਵੀ ਪਹਿਨੇ ਹੋਏ ਸਨ। ਇਸ ਵਾਰਦਾਤ ਦੌਰਾਨ ਉਨ੍ਹਾਂ ਕਾਰਗੋ ਗੋਦਾਮ ਦੇ ਸੁਪਰਵਾਈਜ਼ਰ ਤੇ ਇਕ ਹੋਰ ਮੁਲਾਜ਼ਮ ਨੂੰ ਬੰਧਕ ਬਣਾ ਲਿਆ ਸੀ। ਵਾਰਦਾਤ ਨੂੰ ਅੰਜਾਮ ਦੇ ਕੇ ਏਅਰਪੋਰਟ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਲੁੱਟ ਦਾ ਐਲਾਨ ਵੀ ਕੀਤਾ। ਏਅਰਪੋਰਟ ਤੋਂ 12 ਕਿਲੋਮੀਟਰ ਦੂਰ ਜਾ ਕੇ ਉਨ੍ਹਾਂ ਨੇ ਦੋਵਾਂ ਬੰਧਕਾਂ ਨੂੰ ਛੱਡ ਦਿੱਤਾ ਤੇ ਸੋਨੇ ਨੂੰ ਦੂਜੀ ਕਾਰ 'ਚ ਪਾ ਕੇ ਨਿਕਲ ਗਏ। ਪੁੱਛਗਿੱਛ 'ਚ ਸੁਪਰਵਾਈਜ਼ਰ ਨੇ ਦੱਸਿਆ ਕਿ ਲੁਟੇਰਿਆਂ ਨੇ ਇਕ ਦਿਨ ਪਹਿਲਾਂ ਉਸ ਦੇ ਪਰਿਵਾਰ ਨੂੰ ਬੰਧਕ ਬਣਾ ਲਿਆ ਸੀ ਤੇ ਕਿਹਾ ਸੀ ਕਿ ਲੁੱਟ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ। ਪੁਲਿਸ ਸੋਨੇ ਤੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



