ਆਂਗ ਸਾਨ ਸੂ ਕੀ ਨੂੰ ਲਿਆ ਗਿਆ ਹਿਰਾਸਤ ‘ਚ ,ਮਿਆਂਮਾਰ ‘ਚ ਤਖਤਾ ਪਲਟ

by vikramsehajpal

ਮਿਆਂਮਾਰ (ਦੇਵ ਇੰਦਰਜੀਤ) : ਗੁਆਂਢੀ ਦੇਸ਼ ਮਿਆਂਮਾਰ ਤੋਂ ਫ਼ੌਜ ਤਖ਼ਤਾ ਪਲਟ ਦੀ ਖ਼ਬਰ ਸਾਹਮਣੇ ਆਈ ਹੈ। ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਅਤੇ ਰਾਸ਼ਟਰਪਤੀ ਸਮੇਤ ਸੱਤਾਧਾਰੀ ਪਾਰਟੀ ਦੇ ਕੁੱਝ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਜਾਣਕਾਰੀ ਕਈ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਇਹ ਕਦਮ ਮਿਆਂਮਾਰ ਵਿੱਚ ਕੁੱਝ ਸਮੇਂ ਤੋਂ ਸਰਕਾਰ ਅਤੇ ਫੌਜ ਵਿਚਾਲੇ ਤਣਾਅ ਦੀਆਂ ਖਬਰਾਂ ਦੇ ਵਿਚਕਾਰ ਚੁੱਕਿਆ ਗਿਆ ਹੈ। ਅਮਰੀਕਾ ਨੇ ਮਿਆਂਮਾਰ ਵਿੱਚ ਹੋਏ ਤਖ਼ਤਾ ਪਲਟ 'ਤੇ ਪ੍ਰਤੀਕ੍ਰਿਆ ਦਿੱਤੀ ਹੈ।

ਅਮਰੀਕਾ ਨੇ ਲੋਕਤੰਤਰੀ ਪ੍ਰਣਾਲੀ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਮਿਆਂਮਾਰ ਦੇ ਮਿਲਟਰੀ ਟੈਲੀਵਿਜ਼ਨ ਦਾ ਕਹਿਣਾ ਹੈ ਕਿ ਸੈਨਾ ਨੇ ਇੱਕ ਸਾਲ ਲਈ ਦੇਸ਼ ਦਾ ਕੰਟਰੋਲ ਆਪਣੇ ਕੋਲ ਲੈ ਲਿਆ ਹੈ ਅਤੇ ਸੈਨਾ ਦਾ ਕਮਾਂਡਰ-ਇਨ-ਚੀਫ਼ ਮਿਨ ਆੰਗ ਹਿਲਿੰਗ ਸੱਤਾ ਵਿੱਚ ਆਇਆ ਹੈ। ਮਿਆਂਮਾਰ ਆਰਮੀ ਦਾ ਕਹਿਣਾ ਹੈ ਕਿ ਚੋਣ ਧੋਖਾਧੜੀ ਦੇ ਜਵਾਬ ਵਿੱਚ ਤਖਤਾ ਪਲਟਣ ਦੀ ਕਾਰਵਾਈ ਕੀਤੀ ਗਈ ਹੈ। ਇਸ ਬਗਾਵਤ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੈਨਾ ਦੇ ਜਵਾਨ ਤਾਇਨਾਤ ਕੀਤੇ ਗਏ ਹਨ।