ਅਰੂਸਾ ਆਲਮ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਰਹਿ ਕੇ ਪੰਜਾਬ ਸਰਕਾਰ ਨੂੰ ਚਲਾ ਰਹੀ ਹੈ ਜਾਂ ਨਹੀਂ?

by

ਭਾਦਸੋਂ : ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਜਵਾਬ ਦੇਣਾ ਚਾਹੀਦਾ ਹੈ ਕਿ ਪਾਕਿਸਤਾਨ ਦੀ ਜਾਸੂਸ ਕਹੀ ਜਾਣ ਵਾਲੀ ਉਨ੍ਹਾਂ ਦੀ ਮਹਿਲਾ ਮਿੱਤਰ ਅਰੂਸਾ ਆਲਮ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ 'ਤੇ ਰਹਿ ਕੇ ਪੰਜਾਬ ਸਰਕਾਰ ਨੂੰ ਚਲਾ ਰਹੀ ਹੈ ਜਾਂ ਨਹੀਂ? ਇਹ ਸਵਾਲ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਭਾਦਸੋਂ ਵਿਖੇ ਸਮਾਜ ਸੇਵੀ ਨਰਿੰਦਰ ਜੋਸ਼ੀ ਨੂੰ 'ਆਪ' 'ਚ ਸ਼ਾਮਲ ਕਰਨ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਠਾਇਆ।

ਚੀਮਾ ਨੇ ਕਿਹਾ ਕਿ ਕਾਂਗਰਸੀ ਆਗੂ ਤੇ ਕੈਪਟਨ ਦੇ ਕਰੀਬੀ ਗੁਰਿੰਦਰ ਸਿੰਘ ਬਾਲੀ ਵੱਲੋਂ ਲਗਾਏ ਦੋਸ਼ ਬਹੁਤ ਗੰਭੀਰ ਹਨ, ਜਿਨਾਂ 'ਚ ਕਿਹਾ ਗਿਆ ਹੈ ਕਿ ਸਰਕਾਰ ਦੀਆਂ ਅਹਿਮ ਨਿਯੁਕਤੀਆਂ ਤੋਂ ਇਲਾਵਾ ਬੜੇ ਗੰਭੀਰ ਮੁੱਦਿਆਂ 'ਤੇ ਪੰਜਾਬ ਸਰਕਾਰ ਤਰਫੋਂ ਫੈਸਲੇ ਅਰੂਸਾ ਆਲਮ ਵੱਲੋਂ ਲਏ ਜਾਂਦੇ ਹਨ। ਬੀਤੇ ਦਿਨੀਂ ਗੜ੍ਹੇਮਾਰੀ ਤੇ ਹਨੇਰੀ ਨਾਲ ਕਿਸਾਨਾਂ ਦੇ ਨੁਕਸਾਨ 'ਤੇ ਬੋਲਦਿਆਂ ਚੀਮਾ ਨੇ ਕਿਹਾ ਕਿ ਸਰਕਾਰ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ, ਜਿਸ ਲਈ ਮੁੱਖ ਮੰਤਰੀ ਨੂੰ 'ਆਪ' ਵੱਲੋਂ ਮੰਗ ਪੱਤਰ ਵੀ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ 'ਚ ਅਮਨ-ਕਾਨੂੰਨ ਦੇ ਹਲਾਤ ਬੇਹੱਦ ਮਾੜੇ ਹਨ।

ਉਨ੍ਹਾਂ ਕਿਹਾ ਕਿ ਨਸ਼ੇ ਦੀ ਵਿਕਰੀ ਤੇ ਵਰਤੋਂ ਦੇ ਮਾਮਲੇ 'ਚ ਪੰਜਾਬ ਫਿਰ ਤੋਂ ਨੰਬਰ ਇਕ 'ਤੇ ਪੁੱਜ ਗਿਆ ਹੈ, ਜਿਸ ਲਈ ਕੈਪਟਨ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਉਨਾਂ ਨਾਲ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਨੀਨਾ ਮਿੱਤਲ, ਨਾਭਾ ਦੇ ਇੰਚਾਰਜ ਦੇਵ ਮਾਨ, ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਜੱਸੀ ਸੋਹੀਆਂ ਵਾਲਾ, ਨਿਰਭੈ ਸਿੰਘ ਘੁੰਡਰ, ਸੁੱਖ ਘੁੰਮਣ ਆਦਿ ਹਾਜ਼ਰ ਸਨ।