ਭਾਰਤ ਦੀ ਖੁਫ਼ੀਆ ਜਾਣਕਾਰੀ ਪਾਕਿਸਤਾਨ ਭੇਜਣ ਵਾਲਾ ਪਠਾਨਕੋਟ ’ਚ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ : ਪਠਾਨਕੋਟ ਪੁਲਸ ਨੇ ਖੁਫ਼ੀਆਂ ਜਾਣਕਾਰੀਆਂ ਪਾਕਿਸਤਾਨ ਭੇਜਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਸ਼ੀ ਦੀ ਪਛਾਣ ਜਗਦੀਸ਼ ਸਿੰਘ ਉਰਫ ਜੱਗਾ ਵਾਸੀ ਪਿੰਡ ਫੱਤੇਚੱਕ ਨਰੋਟ ਜੈਮਲ ਸਿੰਘ ਦੇ ਤੌਰ’ਤੇ ਹੋਈ ਹੈ। ਥਾਣਾ ਨਰੋਟ ਜੈਮਲ ਸਿੰਘ 'ਚ ਦਰਜ ਕੀਤੇ ਮਾਮਲੇ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਵਿਅਕਤੀ ਭਾਰਤ-ਪਾਕਿਸਤਾਨ ਸੀਮਾ ਦੇ ਨੇੜੇ ਪੈਂਦੇ ਪਿੰਡ ਦਾ ਰਹਿਣ ਵਾਲਾ ਸੀ ਤੇ ਇਹ ਅਕਸਰ ਆਪਣੇ ਮੋਬਾਇਲ ਤੋਂ ਪਾਕਿਸਤਾਨ ਦੇ ਕੁਝ ਨੰਬਰਾਂ ’ਤੇ ਫੋਨ ਕਰਦਾ ਸੀ।

ਉਕਤ ਵਿਅਕਤੀ ਵੱਲੋਂ ਦੇਸ਼ ਦੀ ਸੁਰੱਖਿਆ ਤੇ ਅਖੰਡਤਾਂ ਨੂੰ ਤਾਕ 'ਤੇ ਰੱਖਿਆ ਗਿਆ ਤੇ ਦੁਸ਼ਮਣ ਦੇਸ਼ ਨੂੰ ਅਜਿਹੀਆਂ ਜਾਣਕਾਰੀਆਂ ਭੇਜੀਆਂ ਗਈਆਂ ,ਜੋ ਕਿ ਉਹ ਭਾਰਤ ਖ਼ਿਲਾਫ ਇਸਤੇਮਾਲ ਕਰ ਸਕਦਾ ਹੈ। ਅਧਿਕਾਰੀਆਂ ਦੇ ਮੁਤਾਬਕ ਪੁਲਸ ਨੂੰ ਜਿਸ ਵਿਅਕਤੀ ਦੇ ਬਾਰੇ ਵਿਚ ਖੁਫ਼ੀਆ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਖ਼ਿਲਾਫ ਥਾਣਾ ਨਰੋਟ ਜੈਮਲ ਸਿੰਘ ਵਿਚ ਆਫਿਸ਼ੀਅਲ ਸੀਕ੍ਰੇਟ ਐਕਟ ਦੀ ਧਾਰਾ 3,4 ਆਈ.ਪੀ.ਸੀ ਦੀ ਧਾਰਾ 414 ਅਤੇ ਆਰਮਸ ਐਕਟ ਦੀ ਧਾਰਾ 25 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਦੋਸ਼ੀ ਤੋਂ ਪੁਲਸ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ।