ਅੱਜ ਤੋਂ Uber Canada ਨੇ ਡਰਾਈਵਰਾਂ ਤੇ ਯਾਤਰੀਆਂ ਨੂੰ ਮਾਸਕ ਪਾਉਣ ਤੋਂ ਦਿੱਤੀ ਛੋਟ

by jaskamal

ਨਿਊਜ਼ ਡੈਸਕ : 22 ਅਪ੍ਰੈਲ ਤੋਂ ਊਬਰ ਕੈਨੇਡਾ 'ਚ ਸਫਰ ਕਰਨ ਵਾਲੇ ਯਾਤਰੀਆਂ ਤੇ ਡਰਾਈਵਰਾਂ ਨੂੰ ਮਾਸਕ ਪਾਉਣ ਤੋਂ ਕੰਪਨੀ ਵੱਲੋਂ ਛੋਟ ਦਿੱਤੀ ਜਾਵੇਗੀ। ਇਹ ਜਾਣਕਾਰੀ ਊਬਰ ਕੈਨੇਡਾ ਦੇ ਬੁਲਾਰੇ ਨੇ ਮੰਗਲਵਾਰ ਨੂੰ ਈਮੇਲ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਕਿਊਬਿਕ ਨੂੰ ਛੱਡ ਕੇ 22 ਅਪ੍ਰੈਲ ਤੋਂ ਕੈਨੇਡਾ ਭਰ 'ਚ ਊਬਰ 'ਚ ਸਫਰ ਦੌਰਾਨ ਨਾ ਡਰਾਈਵਰ ਨੂੰ ਤੇ ਨਾ ਹੀ ਸਵਾਰੀ ਨੂੰ ਮਾਸਕ ਪਾਉਣ ਦੀ ਲੋੜ ਹੈ।

ਇਹ ਵੀ ਆਖਿਆ ਗਿਆ ਕਿ ਜਦੋਂ ਰਾਈਡ ਸਾਂਝੀ ਕਰਨੀ ਹੋਵੇ ਤਾਂ ਊਬਰ ਕੈਨੇਡਾ ਮਾਸਕ ਪਾਉਣ ਦੀ ਸਲਾਹ ਦਿੰਦਾ ਹੈ। ਬਿਆਨ 'ਚ ਆਖਿਆ ਗਿਆ ਕਿ ਹੈਲਥ ਕੈਨੇਡਾ ਦੀ ਸਲਾਹ ਉੱਤੇ, ਊਬਰ ਕੈਨੇਡਾ ਵੱਲੋਂ ਅਜੇ ਵੀ ਇਲਾਕੇ 'ਚ ਇਨਫੈਕਸ਼ਨ ਦੀ ਦਰ ਨੂੰ ਤੇ ਨਿੱਜੀ ਰਿਸਕ ਕਾਰਕਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਮਾਸਕ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਡਰਾਈਵਰ ਅਜੇ ਵੀ ਆਪਣੇ ਰਾਈਡਰਜ਼ ਨੂੰ ਮਾਸਕ ਪਾਉਣ ਲਈ ਕਹਿ ਸਕਦੇ ਹਨ ਤੇ ਅਜਿਹਾ ਨਾ ਕਰਨ ਦੀ ਸੂਰਤ 'ਚ ਉਹ ਟਰਿੱਪ ਰੱਦ ਵੀ ਕਰ ਸਕਦੇ ਹਨ।