ਅਸ਼ਰਫ ਗਨੀ UAE ਦੇ ਹਸਪਤਾਲ ’ਚ ਦਾਖ਼ਲ

by vikramsehajpal

ਦੁਬਈ (ਦੇਵ ਇੰਦਰਜੀਤ) : ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਕਥਿਤ ਤੌਰ ’ਤੇ ਯੂ.ਏ.ਈ. ਦੇ ਇਕ ਹਸਪਤਾਲ ਵਿਚ ਭਰਤੀ ਹਨ। ਈਰਾਨੀ ਏਜੰਸੀ ਵਾਈ.ਜੇ.ਸੀ. ਨੇ ਸੂਤਰਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਗਨੀ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਯੂ.ਏ.ਈ. ਦੇ ਵਿਦੇਸ਼ ਮੰਤਰਾਲਾ ਮੁਤਾਬਕ ਗਨੀ ਦਾ ਮਨੁੱਖੀ ਆਧਾਰ ’ਤੇ ਸੁਆਗਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਫਗਾਸਿਤਾਨ ਦੀ ਰਾਜਧਾਨੀ ਕਾਬੁਲ ਤੋਂ ਐਤਵਾਰ ਨੂੰ ਭੱਜਣ ਵਾਲੇ ਗਨੀ ਸਭ ਤੋਂ ਪਹਿਲਾਂ ਤਜ਼ਾਕਿਸਤਾਨ ਗਏ ਸਨ, ਜਿੱਥੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਫਿਰ ਓਮਾਨ ਚਲੇ ਗਏ ਪਰ ਉਨ੍ਹਾਂ ਨੂੰ ਆਖ਼ਿਰਕਾਰ ਯੂ.ਏ.ਈ. ਵਿਚ ਸ਼ਰਨ ਦਿੱਤੀ ਗਈ ਹੈ। ਉਹ ਅਤੇ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਆਬੂਧਾਬੀ ਵਿਚ ਹੈ।

ਗਨੀ ਨੇ ਬੁੱਧਵਾਰ ਨੂੰ ਯੂ.ਏ.ਈ. ਤੋਂ ਅਫਗਾਨਿਸਤਾਨ ਦੀ ਜਨਤਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਫਗਾਨਿਸਤਾਨ ਤੋਂ ਪੈਸੇ ਲੈ ਕੇ ਭੱਜਣ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਪਹਿਨਣ ਲਈ ਇਕ ਹੀ ਜੋੜੀ ਕੱਪੜੇ ਬਚੇ ਹਨ। ਉਥੇ ਹੀ ਤਜ਼ਾਕਿਸਤਾਨ ਵਿਚ ਅਫਗਾਨਿਸਤਾਨ ਦੇ ਰਾਜਦੂਤ ਮੁਹੰਮਦ ਜਹੀਰ ਅਘਬਾਰ ਨੇ ਰਾਸ਼ਟਰਪਤੀ ਅਸ਼ਰਫ ਗਨੀ ’ਤੇ ਸਰਕਾਰੀ ਫੰਡ ਵਿਚੋਂ 16.9 ਕਰੋੜ ਡਾਲਰ ਦੀ ਚੋਰੀ ਕਰਨ ਦਾ ਦੋਸ਼ ਲਗਾਇਆ ਅਤੇ ਅੰਤਰਰਾਸ਼ਟਰੀ ਪੁਲਸ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।