ਵਿਧਾਨ ਸਭਾ ਚੋਣਾਂ 2022 : ਚੋਣ ਕਮਿਸ਼ਨ ਤੇ ਸਿਹਤ ਅਧਿਕਾਰੀਆਂ ਦੀ ਮੀਟਿੰਗ, ਕੋਰੋਨਾ ਸਬੰਧੀ ਹਾਲਾਤ ‘ਤੇ ਸਮੀਖਿਆ

by jaskamal

ਨਿਊਜ਼ ਡੈਸਕ (ਜਸਕਮਲ) : ਦੇਸ਼ 'ਚ ਕੋਰੋਨਾ ਵਾਇਰਸ ਦੀ ਰਫਤਾਰ ਤੇਜ਼ੀ ਨਾਲ ਵੱਧ ਰਹੀ ਹੈ। ਕਈ ਸੂਬਿਆਂ 'ਚ ਕੋਰੋਨਾ ਦੇ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਯੂਪੀ, ਉਤਰਾਖੰਡ ਤੇ ਪੰਜਾਬ ਸਣੇ ਪੰਜ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਵੀ ਐਲਾਨ ਹੋ ਸਕਦਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ, ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਨਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਚੱਲ ਰਹੀ ਇਸ ਬੈਠਕ ਦੌਰਾਨ ਕੋਰੋਨਾ ਦੇ ਹਾਲਾਤ ਸਬੰਧੀ ਵੀ ਚਰਚਾ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਪਿਛਲੇ ਸਾਲ 27 ਦਸੰਬਰ ਨੂੰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਤੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਵਿਚਾਲੇ ਅਹਿਮ ਮੀਟਿੰਗ ਹੋਈ ਸੀ। ਇਸ ਬੈਠਕ 'ਚ ਓਮੀਕਰੋਨ ਦੇ ਵਧਦੇ ਖਤਰੇ ਦੇ ਵਿਚਕਾਰ ਵੋਟਿੰਗ ਨੂੰ ਸੁਰੱਖਿਅਤ ਢੰਗ ਨਾਲ ਕਰਵਾਉਣ 'ਤੇ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਰਾਜੇਸ਼ ਭੂਸ਼ਣ ਤੋਂ ਕੋਵਿਡ ਪ੍ਰੋਟੋਕੋਲ ਤਹਿਤ ਚੋਣ ਪ੍ਰਚਾਰ, ਪੋਲਿੰਗ ਦੀ ਮਿਤੀ ਤੇ ਵੋਟਾਂ ਦੀ ਗਿਣਤੀ ਸਬੰਧੀ ਸੁਝਾਅ ਤੇ ਰਿਪੋਰਟਾਂ ਮੰਗੀਆਂ ਸਨ। ਦੱਸ ਦੇਈਏ ਕਿ ਇਸ ਸਾਲ ਯੂਪੀ, ਉਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਜਲਦ ਹੀ ਇਨ੍ਹਾਂ ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ।