ਸਰੀ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਸਰੀ 'ਚ ਜਦੋਂ ਅਣਪਛਾਤੇ ਹਮਲਾਵਰ ਨੇ ਉਨਾਂ ਦੇ ਘਰ ਦੇ ਮੁੱਖ ਦਰਵਾਜ਼ੇ ਦਾ ਸ਼ੀਸ਼ਾ ਤੋੜ ਦਿਤਾ ਅਤੇ ਬਾਹਰ ਖੜੀਆਂ ਚਾਰ ਗੱਡੀਆਂ ਦੇ ਸ਼ੀਸ਼ੇ ਵੀ ਤੋੜ ਦਿਤੇ ਤਾਂ ਟਰੱਕ ਡਰਾਈਵਰ ਸੁਖਜੀਤ ਹੀਰ ਅਤੇ ਉਸ ਦਾ ਪਰਵਾਰ ਮੰਗਲਵਾਰ ਦੀ ਘਟਨਾ ਤੋਂ ਬਾਅਦ ਬੇਹੱਦ ਘਬਰਾ ਗਏ। 'ਦਾ ਵੁਆਇਸ' ਨਾਲ ਗੱਲਬਾਤ ਦੌਰਾਨ ਸੁਖਜੀਤ ਹੀਰ ਨੇ ਦੱਸਿਆ ਕਿ ਇਹ ਵਾਰਦਾਤ ਮੰਗਲਵਾਰ ਵੱਡੇ ਤੜਕੇ 3.30 ਵਜੇ ਦੇ ਕਰੀਬ 68ਵੇਂ ਐਵੇਨਿਊ ਦੇ 12900 ਬਲਾਕ ਵਿਚ ਵਾਪਰੀ।
ਸੁਖਜੀਤ ਮੁਤਾਬਕ ਹਮਲਾਵਰ ਨੇ ਸਭ ਤੋਂ ਪਹਿਲਾਂ ਘਰ ਦੇ ਬਾਹਰ ਖੜੀਆਂ ਦੋ ਗੱਡੀਆਂ ਦੇ ਸ਼ੀਸ਼ੇ ਤੋੜੇ ਜੋ ਬੇਸਮੈਂਟ ਵਿਚ ਰਹਿਣ ਵਾਲਿਆਂ ਨਾਲ ਸਬੰਧਤ ਹਨ। ਇਸ ਮਗਰੋਂ ਹਮਲਾਵਰ ਨੇ ਮਕਾਨ ਦੇ ਇਕ ਪਾਸੇ ਦੀਆਂ ਬਾਰੀਆਂ ਤੋੜ ਦਿਤੀਆਂ ਅਤੇ ਫਿਰ ਮੁੱਖ ਦਰਵਾਜ਼ੇ 'ਤੇ ਹਮਲਾ ਕੀਤਾ। CCTV ਕੈਮਰੇ ਦੀ ਫੁਟੇਜ ਤੋਂ ਪਤਾ ਲਗਦਾ ਹੈ ਕਿ ਹਮਲਾਵਰ ਇਕ ਕਾਰ ਵਿਚ ਫਰਾਰ ਹੋ ਗਿਆ ਜਿਸ ਨੂੰ ਦੂਜਾ ਸ਼ਖਸ ਚਲਾ ਰਿਹਾ ਸੀ। ਖੜਕਾ ਸੁਣ ਕੇ ਸੁਖਜੀਤ ਅਤੇ ਉਸ ਦੇ ਪਰਵਾਰਕ ਮੈਂਬਰਾਂ ਦੀ ਜਾਗ ਗਏ ਅਤੇ ਤੁਰਤ ਉਸ ਨੇ ਪੁਲਿਸ ਨੂੰ ਫ਼ੋਨ ਕਰ ਦਿਤਾ। ਪੁਲਿਸ ਵਲੋਂ ਬਾਕੀ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



