Etobicoke ਸਕੂਲ ਦੀ 8 ਸਾਲਾਂ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਟੋਰਾਂਟੋ ਪੁਲਿਸ ਇਕ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ‘ਤੇ ਆਰੋਪ ਹੈ ਕਿ ਉਸਨੇ ਕਥਿਤ ਤੌਰ ‘ਤੇ ਇਟਬਿਕੋਕ ਸਕੂਲ (Etobicoke school) ਦੇ ਬਾਹਰ ਛੁੱਟੀ ਤੋਂ ਬਾਅਦ ਇਕ 8 ਸਾਲਾਂ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਪੁਲਿਸ ਅਧਿਕਾਰੀਆਂ ਦੇ ਮੁਤਾਬਕ ਸ਼ੁੱਕਰਵਾਰ ਨੂੰ ਦੁਪਹਿਰ 12:30 ਵਜੇ ਵਜੇ ਦੇ ਕਰੀਬ ਐਲਬੀਅਨ ਰੋਡ ਅਤੇ ਆਈਸਲਿੰਗਟਨ ਐਵੇਨਿਉ ਦੇ ਨੇੜੇ ਸਥਿਤ ਸੇਂਟ ਜਾਨ ਵਿਯਨੀ ਕੈਥੋਲਿਕ ਸਕੂਲ ਦੇ ਬਾਹਰ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਇਹ ਵਿਅਕਤੀ ਕਥਿਤ ਤੌਰ ਤੇ ਵਿਦਿਆਰਥਣ ਕੋਲ ਆਇਆ ਅਤੇ ਉਸਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੱਚੇ ਉਸ ਅਗਵਾ ਕਰਨ ਵਾਲੇ ਵਿਅਕਤੀ ‘ਤੇ ਚੀਕਣ ਲੱਗ ਪਏ ਜਿਸ ਤੋਂ ਬਾਅਦ ਉਹ ਲੜਕੀ ਨੂੰ ਸੁੱਟ ਕੇ ਹੰਬਰ ਨਦੀ ਵੱਲ ਭੱਜ ਗਿਆ।

ਸ਼ੱਕੀ ਵਿਅਕਤੀ ਦੀ ਭਾਲ ਕਰਨ ਵਾਲੇ ਪੁਲਿਸ ਅਧਿਕਾਰੀ ਕਾਂਸਟੇਬਲ ਡੇਵਿਡ ਹੋਪਕਿਨਸਨ ਨੇ ਕਿਹਾ ਕਿ ਅਗਵਾ ਕਰਨ ਵਾਲੇ ਵਿਅਕਤੀ ਨੇ ਕਾਲੇ ਰੰਗ ਦਾ ਮਾਸਕ ਪਹਿਨਿਆ ਸੀ ਅਤੇ ਪੁਰੇ ਕਾਲੇ ਕਪੜੇ ਪਹਿਨੇ ਹੋਏ ਸਨ। ਓਥੇ ਹੀ ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਨੇ ਕਿਹਾ ਕਿ ਉਹ ਇਸ ਘਟਨਾ ਨਾਲ ਬਹੁਤ ਪਰੇਸ਼ਾਨ ਸਨ ਪਰ ਸ਼ੁਕਰ ਹੈ ਕਿ ਵਿਦਿਆਰਥਣ ਬਿਨਾਂ ਕਿਸੇ ਨੁਕਸਾਨ ਦੇ ਬਚ ਗਈ।