14 ਅਗਸਤ ਨੂੰ ਵੰਡ ਦਾ ਦੁਖਾਂਤਕ ਦਿਹਾੜਾ ਦਿਵਸ ਵਜੋਂ ਮਨਾਇਆ ਜਾਵੇਗਾ : ‘PM’ ਮੋਦੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਐਲਾਨ ਕੀਤਾ ਕਿ 14 ਅਗਸਤ ਨੂੰ ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਯਾਦ ’ਚ ਵੰਡ ਦਾ ਦੁਖਾਂਤਕ ਯਾਦਗਾਰ ਦਿਹਾੜੇ ਦੇ ਰੂਪ ’ਚ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਡ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਵੰਡ ਕਾਰਨ ਹੋਈ ਹਿੰਸਾ ਅਤੇ ਨਾ-ਸਮਝੀ ’ਚ ਕੀਤੀ ਗਈ ਨਫ਼ਰਤ ਨਾਲ ਲੱਖਾਂ ਲੋਕ ਬੇਘਰ ਹੋ ਗਏ ਅਤੇ ਕਈਆਂ ਨੇ ਜਾਨਾਂ ਗੁਆ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਡ ਦਾ ਦੁਖਾਂਤਕ ਦਿਹਾੜਾ, ਸਮਾਜਿਕ ਵੰਡ, ਦੁਸ਼ਮਣੀ ਦੇ ਜ਼ਹਿਰ ਨੂੰ ਦੂਰ ਕਰਨ ਅਤੇ ਏਕਤਾ, ਸਮਾਜਿਕ ਸਦਭਾਵਨਾ ਤੇ ਮਨੁੱਖੀ ਸਸ਼ਕਤੀਕਰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਦੀ ਯਾਦ ਦਿਵਾਏ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਦੇਸ਼ ਦੀ ਵੰਡ ਦੇ ਦਰਦ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਨਫ਼ਰਤ ਅਤੇ ਹਿੰਸਾ ਦੀ ਵਜ੍ਹਾ ਨਾਲ ਸਾਡੀਆਂ ਲੱਖਾਂ ਭੈਣਾਂ ਅਤੇ ਭਰਾਵਾਂ ਨੂੰ ਬੇਘਰ ਹੋਣਾ ਪਿਆ ਅਤੇ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ। ਉਨ੍ਹਾਂ ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਯਾਦ ’ਚ 14 ਅਗਸਤ ਨੂੰ ਵੰਡ ਦਾ ਦੁਖਾਂਤਕ ਯਾਦਗਾਰ ਦਿਹਾੜੇ ਦੇ ਰੂਪ ਵਿਚ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਪਾਕਿਸਤਾਨ ਨੂੰ 1947 ਵਿਚ ਬਿ੍ਰਟਿਸ਼ ਬਸਤੀਵਾਦੀ ਰਾਜ ਵਲੋਂ ਭਾਰਤ ਦੀ ਵੰਡ ਮਗਰੋਂ ਇਕ ਮੁਸਲਿਮ ਦੇਸ਼ ਦੇ ਰੂਪ ’ਚ ਤਰਾਸ਼ਿਆ ਗਿਆ ਸੀ। ਲੱਖਾਂ ਲੋਕ ਬੇਘਰ ਹੋਏ ਸਨ ਅਤੇ ਵੱਡੇ ਪੱਧਰ ’ਤੇ ਦੰਗੇ ਭੜਕਾਉਣ ਕਾਰਨ ਕਈ ਲੱਖਾਂ ਲੋਕਾਂ ਦੀ ਜਾਨ ਚੱਲੀ ਗਈ ਸੀ। ਭਾਰਤ ਐਤਵਾਰ ਨੂੰ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾਏਗਾ। ਦੱਸਣਯੋਗ ਹੈ ਕਿ ਅੱਜ ਦੇ ਹੀ ਦਿਨ 1947 ਵਿਚ ਭਾਰਤ ਦੀ ਵੰਡ ਹੋਈ ਸੀ ਅਤੇ ਪਾਕਿਸਤਾਨ ਇਕ ਵੱਖਰੇ ਦੇਸ਼ ਦੇ ਰੂਪ ਵਿਚ ਹੋਂਦ ’ਚ ਆਇਆ ਸੀ।