ਔਰੰਗਾਬਾਦ (ਪਾਇਲ): ਬਿਹਾਰ ਦੇ ਔਰੰਗਾਬਾਦ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਮਾਸੂਮ ਭੈਣ-ਭਰਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਇਸ ਹਾਦਸੇ ਕਾਰਨ ਮਾਪੇ ਡੂੰਘੇ ਸਦਮੇ ਵਿੱਚ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੇ ਪਿੰਡ ਪਾਥਰਾ ਦੀ ਹੈ। ਮ੍ਰਿਤਕ ਬੱਚਿਆਂ ਦੀ ਪਛਾਣ ਰਵੀ ਭਾਰਤੀ ਦੇ ਛੇ ਸਾਲਾ ਪੁੱਤਰ ਦਿਵਯਾਂਸ਼ੂ ਕੁਮਾਰ ਅਤੇ ਅੱਠ ਮਹੀਨੇ ਦੀ ਧੀ ਅੰਸ਼ਿਕਾ ਕੁਮਾਰੀ ਵਜੋਂ ਹੋਈ ਹੈ। ਜਿਸ ਦੌਰਾਨ ਦੇਰ ਸ਼ਾਮ ਕਿਸੇ ਨੇ ਦਿਵਯਾਂਸ਼ੂ ਨੂੰ ਲੱਡੂ ਦਿੱਤਾ। ਇਸ ਤੋਂ ਬਾਅਦ ਉਸ ਨੇ ਲੱਡੂ ਖਾਧਾ ਅਤੇ ਥੋੜ੍ਹਾ ਜਿਹਾ ਆਪਣੀ ਭੈਣ ਅੰਸ਼ਿਕਾ ਨੂੰ ਖਾਣ ਲਈ ਦਿੱਤਾ। ਲੱਡੂ ਖਾਣ ਦੇ ਕੁਝ ਸਮੇਂ ਬਾਅਦ ਅੰਸ਼ਿਕਾ ਅਤੇ ਦਿਵਯਾਂਸ਼ੂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਦੀ ਜਾਨ ਚਲੀ ਗਈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਦੱਸ ਦਇਏ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਦਾਊਦਨਗਰ ਦੇ ਐੱਸਡੀਪੀਓ ਪਥਰਾ ਪਿੰਡ ਪੁੱਜੇ ਅਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


