ਸਭ ਤੋਂ ਵੱਧ ਭਾਰਤੀ ਕਰ ਰਹੇ ਨੇ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ

by mediateam
ਸਿਡਨੀ (ਐਨ.ਆਰ.ਆਈ. ਮੀਡਿਆ) : 38,000 ਤੋਂ ਜ਼ਿਆਦਾ ਭਾਰਤੀ ਸਾਲ 2019-2020 ਵਿੱਚ ਆਸਟ੍ਰੇਲੀਆ ਦੇ ਨਾਗਰਿਕ ਬਣੇ। ਪਿਛਲੇ ਸਾਲ ਦੇ ਮੁਕਾਬਲੇ ਆਸਟਰੇਲੀਆਈ ਨਾਗਰਿਕਤਾ ਪ੍ਰਾਪਤ ਕਰਨ ਵਿੱਚ 60 % ਦਾ ਵਾਧਾ ਹੋਇਆ ਅਤੇ ਇਸ ਦੇ ਨਾਲ ਹੀ ਭਾਰਤੀ ਇਸ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਸਭ ਤੋਂ ਵੱਡੇ ਪ੍ਰਵਾਸੀ ਸਮੂਹ ਬਣ ਗਏ ਹਨ। ਦੱਸ ਦਈਏ ਕਿ ਸਾਲ 2019-2020 ਵਿੱਚ ਆਸਟ੍ਰੇਲੀਆਈ ਨਾਗਰਿਕ ਬਣਨ ਵਾਲੇ ਲੱਗਭਗ 200,000 ਲੋਕਾਂ ਵਿੱਚੋਂ ਸਭ ਤੋਂ ਵੱਧ 38,209 ਭਾਰਤੀ ਸਨ। ਇਸ ਤੋਂ ਬਾਅਦ 25,011 ਬ੍ਰਿਟਿਸ਼, 14,764 ਚੀਨੀ ਅਤੇ 8,821 ਪਾਕਿਸਤਾਨੀ ਸਨ।ਆਸਟ੍ਰੇਲੀਆ ਦੇ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਵਿਦੇਸ਼ੀ ਸੇਵਾਵਾਂ ਅਤੇ ਬਹੁਸਭਿਆਚਾਰਕ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਐਲਨ ਟੁਡਗੇ ਨੇ ਕਿਹਾ ਕਿ ਸਮਾਜਿਕ ਤੌਰ ਤੇ ਸਦਭਾਵਨਾਪੂਰਣ ਅਤੇ ਬਹੁਸਭਿਆਚਾਰਕ ਦੇਸ਼ ਵਜੋਂ ਆਸਟਰੇਲੀਆ ਦੇ ਉਭਰਨ ਪਿੱਛੇ ਨਾਗਰਿਕਤਾ ਦਾ ਵੱਡਾ ਹੱਥ ਰਿਹਾ ਹੈ। ਓਥੇ ਹੀ ਟੁਡਗੇ ਨੇ ਕਿਹਾ ਕਿ ਆਸਟ੍ਰੇਲੀਆ ਦਾ ਨਾਗਰਿਕ ਬਣਨਾ ਸਿਰਫ ਇੱਥੇ ਰਹਿਣ ਅਤੇ ਕੰਮ ਕਰਨ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਈ ਜ਼ਿਆਦਾ ਹੈ। ਜਦੋਂ ਕੋਈ ਨਾਗਰਿਕ ਬਣ ਜਾਂਦਾ ਹੈ, ਤਾਂ ਉਹ ਆਸਟ੍ਰੇਲੀਆ ਦੇ ਅਧਿਕਾਰਾਂ, ਆਜ਼ਾਦੀ, ਕਾਨੂੰਨਾਂ ਅਤੇ ਜਮਹੂਰੀ ਮੂਲਾਂ ਨੂੰ ਬਰਕਰਾਰ ਰੱਖਣ ਦੀ ਸਹੁੰ ਚੁੱਕਦਾ ਹੈ। ਇਹ ਸਾਡੇ ਸਫ਼ਲ ਬਹੁਸਭਿਆਚਾਰਕ ਰਾਸ਼ਟਰ ਵਜੋਂ ਇਕਜੁੱਟ ਰਹਿਣ ਦੀ ਇੱਛਾ ਨੂੰ ਦਰਸਾਉਂਦਾ ਹੈ।