ਆਸਟ੍ਰੇਲੀਆ-ਮਿਆਂਮਾਰ ਵਿਚਾਲੇ ਰਖਿਆ ਸਹਿਯੋਗ ਖ਼ਤਮ

by vikramsehajpal

ਕੈਨਬਰਾ (ਦੇਵ ਇੰਦਰਜੀਤ)- : ਮਿਆਂਮਾਰ ਵਿਚ ਹੋਏ ਫ਼ੌਜੀ ਤਖ਼ਤਾ ਪਲਟ ਅਤੇ ਇਥੇ ਆਸਟ੍ਰੇਲੀਆਈ ਨਾਗਰਿਕ ਨੂੰ ਹਿਰਾਸਤ ਵਿਚ ਰੱਖੇ ਜਾਣ ਕਾਰਨ ਆਸਟ੍ਰੇਲੀਆ ਨੇ ਮਿਆਂਮਾਰ ਨਾਲ ਰਖਿਆ ਸਹਿਯੋਗ ਖ਼ਤਮ ਕਰ ਦਿਤਾ ਹੈ। ਇਸ ਦੇ ਨਾਲ ਹੀ ਫ਼ੌਜੀ ਸਰਕਾਰ ਨੂੰ ਮਨੁੱਖੀ ਮਦਦ ਨਾ ਦੇਣ ਦਾ ਵੀ ਫ਼ੈਸਲਾ ਲਿਆ ਹੈ।

ਵਿਦੇਸ਼ ਮੰਤਰੀ ਮੈਰੀਸ ਪਾਇਨੇ ਨੇ ਕਿਹਾ ਕਿ ਆਰਥਕ ਨੀਤੀ ਸਲਾਹਕਾਰ ਸੀਨ ਟਰਨੇਲ ਨੂੰ ਫ਼ਰਵਰੀ ਮਹੀਨੇ ਦੀ ਸ਼ੁਰੂਆਤ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਉਸ ਮਗਰੋਂ ਆਸਟ੍ਰੇਲੀਆ ਦੇ ਡਿਪਲੋਮੈਟਾਂ ਨੂੰ ਉਨ੍ਹਾਂ ਤਕ ਸੀਮਤ ਪਹੁੰਚ ਹੀ ਦਿਤੀ ਗਈ ਹੈ। ਪਾਇਨੇ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ,‘‘ਅਸੀਂ ਪ੍ਰੋਫ਼ੈਸਰ ਸੀਨ ਟਰਨੇਲ ਦੀ ਰਿਹਾਈ ਦੀ ਮੰਗ ਕਰਦੇ ਹਾਂ।’’ ਆਸਟ੍ਰੇਲੀਆ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਮਿਆਂਮਾਰ ਨਾਲ ਰਖਿਆ ਸਿਖਲਾਈ ਪ੍ਰੋਗਰਾਮ ਉਸ ਨੇ ਮੁਅੱਤਲ ਕਰ ਦਿਤਾ ਹੈ। ਇਸ ’ਤੇ 5 ਸਾਲ ਦੇ ਅੰਦਰ ਕਰੀਬ 15 ਲੱਖ ਆਸਟ੍ਰੇਲੀਆਈ ਡਾਲਰ ਦਾ ਖ਼ਰਚ ਆਉਣਾ ਸੀ। ਇਹ ਪ੍ਰੋਗਰਾਮ ਗ਼ੈਰ ਲੜਾਈ ਵਾਲੇ ਖੇਤਰਾਂ ਵਿਚ ਸਿਖਲਾਈ ਤਕ ਸੀਮਤ ਸੀ।

ਪਾਇਨੇ ਨੇ ਕਿਹਾ ਕਿ ਆਸਟ੍ਰੇਲੀਆ ਵਲੋਂ ਮਿਆਂਮਾਰ ਨੂੰ ਮਿਲਣ ਵਾਲੀ ਮਨੁੱਖੀ ਮਦਦ ਮਿਆਂਮਾਰ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਨੂੰ ਨਾ ਦੇ ਕੇ ਉੱਥੋਂ ਦੇ ਸੱਭ ਤੋਂ ਵੱਧ ਸੰਵੇਦਨਸ਼ੀਲ ਅਤੇ ਗ਼ਰੀਬ ਲੋਕਾਂ ਦੀਆਂ ਲੋੜਾਂ ਪੂਰਾ ਕਰਨ ’ਤੇ ਖ਼ਰਚ ਕੀਤੀ ਜਾਵੇਗੀ। ਇਨ੍ਹਾਂ ਲੋਕਾਂ ਵਿਚ ਰੋਹੰਗਿਆ ਭਾਈਚਾਰਾ ਅਤੇ ਹੋਰ ਨਸਲੀ ਘੱਟ ਗਿਣਤੀ ਲੋਕ ਵੀ ਸ਼ਾਮਲ ਹਨ।