ਆਸਟ੍ਰੇਲੀਆ ‘ਚ ਮਈ ‘ਚ ਹੋਣਗੀਆਂ ਸੰਘੀ ਚੋਣਾਂ; ਪ੍ਰਧਾਨ ਮੰਤਰੀ ਮੌਰੀਸਨ ਵੱਲੋਂ ਨੇ ਕੀਤਾ ਐਲਾਨ

by jaskamal

ਨਿਊਜ਼ ਡੈਸਕ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮਈ 'ਚ ਸੰਘੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਚੋਣ ਚੀਨ ਦੀ ਆਰਥਿਕ ਦਾਦਾਗਿਰੀ, ਜਲਵਾਯੂ ਪਰਿਵਰਤਨ ਅਤੇ ਕੋਵਿਡ-19 ਮਹਾਮਾਰੀ ਸਮੇਤ ਕਈ ਹੋਰ ਮੁੱਦਿਆਂ 'ਤੇ ਲੜੀ ਜਾਵੇਗੀ। ਮੌਰੀਸਨ ਨੇ ਐਤਵਾਰ ਨੂੰ ਆਸਟ੍ਰੇਲੀਆ ਦੀ ਰਾਜ ਦੀ ਮੁਖੀ ਮਹਾਰਾਣੀ ਐਲਿਜ਼ਾਬੈਥ ਦੇ ਪ੍ਰਤੀਨਿਧੀ ਗਵਰਨਰ-ਜਨਰਲ ਡੇਵਿਡ ਹਰਲੇ ਨੂੰ ਚੋਣ ਦੀ ਮਿਤੀ ਨਿਰਧਾਰਤ ਕਰਨ ਦੀ ਸਿਫਾਰਸ਼ ਕੀਤੀ। ਉਨ੍ਹਾਂ ਵੱਲੋਂ ਐਤਵਾਰ ਸ਼ਾਮ ਨੂੰ ਇਹ ਐਲਾਨ ਕਰਨ ਦੀ ਉਮੀਦ ਹੈ ਕੀ ਆਸਟ੍ਰੇਲੀਆ 'ਚ ਚੋਣਾਂ 14 ਮਈ ਨੂੰ ਹੋਣਗੀਆਂ ਜਾਂ 21 ਮਈ ਨੂੰ।

ਮੌਰੀਸਨ ਦੇ ਸੱਤਾਧਾਰੀ ਗੱਠਜੋੜ ਕੋਲ ਇਸ ਸਮੇਂ ਪ੍ਰਤੀਨਿਧੀ ਸਭਾ ਵਿੱਚ 76 ਸੀਟਾਂ ਹਨ ਅਤੇ ਸੱਤਾ ਵਿੱਚ ਬਣੇ ਰਹਿਣ ਲਈ ਘੱਟੋ-ਘੱਟ ਇੰਨੀਆਂ ਸੀਟਾਂ ਦੀ ਲੋੜ ਹੈ। ਹਾਲਾਂਕਿ ਓਪੀਨੀਅਨ ਪੋਲ ਦੱਸਦੇ ਹਨ ਕਿ ਇਸ ਵਾਰ ਸੱਤਾ 'ਚ ਬਦਲਾਅ ਦੀ ਸੰਭਾਵਨਾ ਹੈ। ਵਿਰੋਧੀ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਾਨੀਜ਼ ਦੇ ਅਹੁਦਾ ਸੰਭਾਲਣ ਦੀ ਉਮੀਦ ਹੈ। ਆਸਟ੍ਰੇਲੀਆ 'ਚ ਸੱਤਾਧਾਰੀ ਕੰਜ਼ਰਵੇਟਿਵ ਗੱਠਜੋੜ ਚੌਥੀ ਵਾਰ ਤਿੰਨ ਸਾਲ ਦਾ ਕਾਰਜਕਾਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 2019 ਵਿੱਚ ਹੋਈਆਂ ਪਿਛਲੀਆਂ ਚੋਣਾਂ ਵਿੱਚ ਮੌਰੀਸਨ ਨੇ ਆਪਣੀ ਅਗਵਾਈ ਵਾਲੇ ਗੱਠਜੋੜ ਨੂੰ ਜਿੱਤ ਦਿਵਾਈ ਸੀ।