ਆਸਟ੍ਰੇਲੀਆ ਸਰਕਾਰ ਦਾ ਵੱਡਾ ਕਾਰਾ ਭਾਰਤੀ ਮੂਲ ਅਪਾਹਜ਼ ਬੱਚੇ ਨੂੰ ਸੁਣਾਇਆ ਦੇਸ਼ ਨਿਕਾਲੇ ਹੁਕਮ

by vikramsehajpal

ਆਸਟ੍ਰੇਲੀਆ,ਸਿਡਨੀ(ਦੇਵ ਇੰਦਰਜੀਤ) :ਆਸਟ੍ਰੇਲੀਆ ਦਾ ਇਕ ਭਾਵੁਕ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਾਰਤੀ ਮੂਲ ਦਾ ਇਕ 6 ਸਾਲ ਦਾ ਬੱਚਾ, ਜੋ ਗੰਭੀਰ ਬੀਮਾਰੀ ਸੇਰੇਬ੍ਰਲ ਪਾਲਿਸੀ ਨਾਲ ਜੂਝ ਰਿਹਾ ਹੈ, ਦੇ ਮਾਤਾ-ਪਿਤਾ ਅੱਗੇ ਇਕ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਉਸ ਦੇ ਪਰਿਵਾਰ ਨੂੰ ਆਸਟ੍ਰੇਲੀਆਈ ਸਰਕਾਰ ਨੇ ਦੇਸ਼ ਨਿਕਾਲਾ ਦੇ ਦਿੱਤਾ ਹੈ ਮਤਲਬ ਉਹਨਾਂ ਨੂੰ ਸਥਾਈ ਵੀਜ਼ਾ ਦੇਣ ਤੋਂ ਸਾਫ ਮਨਾ ਕਰ ਦਿੱਤਾ ਹੈ।

ਜਿਕਰਯੋਗ ਹੈ ਕਿ ਕਯਾਨ ਕਾਤਿਆਲ ਦੇ ਪਿਤਾ ਵਰੂਣ 12 ਸਾਲ ਪਹਿਲਾਂ ਆਸਟ੍ਰੇਲੀਆ ਵਿਚ ਸਟੂਡੈਂਟ ਵੀਜ਼ਾ 'ਤੇ ਗਏ ਸਨ। 2012 ਵਿਚ ਉਹਨਾਂ ਨੇ ਉੱਥੇ ਵਿਆਹ ਕੀਤਾ ਅਤੇ 2015 ਵਿਚ ਕਯਾਨ ਪੈਦਾ ਹੋਇਆ। ਆਸਟ੍ਰੇਲੀਆਈ ਸਰਕਾਰ ਦਾ ਤਰਕ ਹੈ ਕਿ ਇਸ ਬੱਚੇ ਦਾ ਇਲਾਜ ਕਰਾਉਣ 'ਤੇ ਟੈਕਸ ਦੇਣ ਵਾਲਿਆਂ 'ਤੇ ਬੋਝ ਵਧੇਗਾ। ਅਸਲ ਵਿਚ ਆਸਟ੍ਰੇਲੀਆ ਵਿਚ ਮੈਡੀਕਲ ਸਹੂਲਤਾਂ ਮੁਫਤ ਹਨ। ਸਰਕਾਰ ਨਹੀਂ ਚਾਹੁੰਦੀ ਕਿ ਇਸ ਬੱਚੇ ਦੇ ਕਾਰਨ ਆਸਟ੍ਰੇਲੀਆਈ ਨਾਗਰਿਕਾਂ 'ਤੇ ਬੋਝ ਵਧੇ। ਕਯਾਨ ਦੀ ਬੀਮਾਰੀ ਦਾ ਪਤਾ ਲੱਗਦੇ ਹੀ ਆਸਟ੍ਰੇਲੀਆਈ ਸਰਕਾਰ ਨੇ ਉਸ ਦੇ ਪਰਿਵਾਰ ਨੂੰ ਦੇਸ਼ ਛੱਡਣ ਦਾ ਫ਼ਰਮਾਨ ਸੁਣਾ ਦਿੱਤਾ।

ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਫਰਵਰੀ ਵਿਚ ਕਯਾਨ ਦੇ ਪਿਤਾ ਵਰੂਣ ਦੀ ਆਖਰੀ ਐਪਲੀਕੇਸ਼ਨ ਵੀ ਰੱਦ ਕਰ ਦਿੱਤੀ ਹੈ। ਮਤਲਬ ਉਹਨਾਂ ਨੂੰ ਭਾਰਤ ਪਰਤਣਾ ਹੀ ਹੋਵੇਗਾ। ਵਰੂਣ ਦੱਸਦੇ ਹਨ ਕਿ ਕਯਾਨ ਜਨਮ ਤੋਂ ਹੀ ਇਸ ਬੀਮਾਰੀ ਨਾਲ ਪੀੜਤ ਹੈ। ਭਾਵੇਂਕਿ ਉਹ ਆਪਣੇ ਖਰਚੇ 'ਤੇ ਉਸ ਦਾ ਇਲਾਜ ਕਰਾਉਣ ਲਈ ਤਿਆਰ ਹਨ ਪਰ ਆਸਟ੍ਰੇਲੀਆ ਸਰਕਾਰ ਇਹ ਮੰਨਣ ਲਈ ਤਿਆਰ ਨਹੀਂ। ਵਰੂਣ ਦੱਸਦੇ ਹਨ ਕਿ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ 2018 ਵਿਚ ਪਰਿਵਾਰ ਨੂੰ ਸਥਾਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ।