ਨਵੀਂ ਦਿੱਲੀ (ਪਾਇਲ): ਤੁਹਾਨੂੰ ਦੱਸ ਦੇਈਏ ਕਿ ਸਪਾ ਦੇ ਸੀਨੀਅਰ ਨੇਤਾ ਆਜ਼ਮ ਖਾਨ ਅਤੇ ਉਨ੍ਹਾਂ ਦੇ ਬੇਟੇ ਅਬਦੁੱਲਾ ਨੂੰ ਪੈਨ ਕਾਰਡ ਦੇ ਦੋ ਮਾਮਲਿਆਂ 'ਚ 7-7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਹ ਸਜ਼ਾ ਇਸ ਲਈ ਦਿੱਤੀ ਹੈ ਕਿਉਂਕਿ ਦੋਸ਼ ਲਗਾਇਆ ਗਿਆ ਸੀ ਕਿ ਅਬਦੁੱਲਾ ਆਜ਼ਮ ਕੋਲ ਦੋ-ਦੋ ਪੈਨ ਕਾਰਡ ਸਨ।
ਆਜ਼ਮ ਖਾਨ ਅਤੇ ਉਨ੍ਹਾਂ ਦੇ ਬੇਟੇ ਅਬਦੁੱਲਾ ਆਜ਼ਮ ਖਾਨ 'ਤੇ ਚੋਣ ਲੜਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਲੇਕਿਨ ਜਿਸ ਸਮੇਂ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਲੜੀਆਂ ਸਨ, ਉਨ੍ਹਾਂ ਦੀ ਉਮਰ ਨਿਯਮਾਂ ਮੁਤਾਬਕ ਸੀਮਾ ਤੋਂ ਘੱਟ ਸੀ।
ਅਜਿਹੇ 'ਚ ਅਬਦੁੱਲਾ ਖਾਨ ਨੇ ਦੂਜਾ ਪੈਨ ਕਾਰਡ ਬਣਵਾਇਆ ਅਤੇ ਉਸ 'ਚ ਆਪਣੀ ਉਮਰ ਜ਼ਿਆਦਾ ਦੱਸੀ। ਇਸ ਤੋਂ ਬਾਅਦ ਅਬਦੁੱਲਾ ਆਜ਼ਮ ਖਾਨ ਨੇ ਵਿਧਾਨ ਸਭਾ ਚੋਣ ਲੜੀ ਸੀ। ਇਸ ਮਾਮਲੇ 'ਚ ਆਜ਼ਮ ਖਾਨ 'ਤੇ ਇਹ ਸਾਰੀ ਸਾਜ਼ਿਸ਼ ਰਚਣ ਅਤੇ ਇਸ 'ਚ ਆਪਣੇ ਬੇਟੇ ਦਾ ਸਾਥ ਦੇਣ ਦਾ ਦੋਸ਼ ਸੀ। ਹੁਣ ਰਾਮਪੁਰ ਕੋਰਟ ਨੇ ਇਸ ਮਾਮਲੇ 'ਚ ਆਜ਼ਮ ਅਤੇ ਉਸ ਦੇ ਬੇਟੇ ਅਬਦੁੱਲਾ ਨੂੰ ਦੋਸ਼ੀ ਕਰਾਰ ਦਿੱਤਾ ਹੈ।
10 ਵਾਰ ਸਾਂਸਦ ਰਹਿ ਚੁੱਕੇ ਆਜ਼ਮ ਖਾਨ ਹਾਲ ਹੀ 'ਚ ਕਰੀਬ 2 ਸਾਲ ਬਾਅਦ ਜੇਲ ਤੋਂ ਬਾਹਰ ਆਏ ਹਨ ਪਰ ਉਨ੍ਹਾਂ 'ਤੇ ਅਜੇ ਵੀ ਕਈ ਮਾਮਲੇ ਚੱਲ ਰਹੇ ਹਨ। ਜਿਸ ਸੰਬੰਧ 'ਚ ਅੱਜ ਅਦਾਲਤ ਨੇ ਪੈਨ ਕਾਰਡ ਮਾਮਲੇ 'ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ।



