
ਮੋਗਾ (ਰਾਘਵ) : ਪਿਛਲੇ 5-6 ਮਹੀਨੇ ਪਹਿਲਾਂ ਫੂਡ ਸਪਲਾਈ ਵਿਭਾਗ ਵੱਲੋਂ ਈ-ਸ਼੍ਰਮ ਵਾਲੇ ਖਪਤਕਾਰਾਂ ਦੇ ਰਾਸ਼ਨ ਕਾਰਡ ਬਣਾਏ ਗਏ ਸਨ। ਇਸ ਸਬੰਧੀ ਖਪਤਕਾਰਾਂ ਵੱਲੋਂ ਵਿਭਾਗ ਦੇ ਹੁਕਮਾਂ ’ਤੇ ਆਪਣੀ ਸਾਰੀ ਕਾਰਵਾਈ ਪੂਰੀ ਕਰ ਕੇ ਸਬੰਧਤ ਮਹਿਕਮੇ ਨੂੰ ਦਿੱਤੀ ਸੀ ਤਾਂ ਜੋ ਉਨ੍ਹਾਂ ਦੇ ਰਾਸ਼ਨ ਕਾਰਡ ਬਣ ਸਕਣ।
ਹੁਣ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੇ ਰਾਸ਼ਨ ਕਾਰਡ ਨਾ ਬਣਨ ਕਾਰਨ ਉਹ ਲੋਕ ਕਣਕ ਤੋਂ ਵਾਂਝੇ ਹਨ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਵੱਖ-ਵੱਖ ਖਪਤਕਾਰਾਂ ਨੇ ਦੱਸਿਆ ਕਿ ਸਬੰਧਤ ਮਹਿਕਮੇ ਵੱਲੋਂ ਉਨ੍ਹਾਂ ਦੇ ਕਾਰਡ ਪੋਰਟਲ ’ਤੇ ਨਾ ਚੜ੍ਹਾਉਣ ਕਾਰਨ ਉਹ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਮੁਫਤ ਕਣਕ ਦੀ ਵੰਡ ਤੋਂ ਵਾਂਝੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀ ਮੁਸ਼ਕਿਲ ਵੱਲ ਧਿਆਨ ਦੇਵੇ ਅਤੇ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਈ-ਸ਼੍ਰਮ ਵਾਲੇ ਬਣੇ ਰਾਸ਼ਨ ਕਾਰਡਾਂ ਨੂੰ ਪੋਰਟਲ ’ਤੇ ਅਪਲੋਡ ਕਰਨ ਤਾਂ ਜੋ ਉਹ ਲੋਕ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਮੁਫਤ ਅਨਾਜ ਦੀ ਵੰਡ ਹਾਸਲ ਕਰ ਸਕਣ। ਮਾਨਯੋਗ ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰਾਂ ਨੂੰ ਹਦਾਇਤ ਕੀਤੀ ਗਈ ਸੀ ਕੀ ਜਿਹੜੇ ਖਪਤਕਾਰਾਂ ਦੇ ਈ-ਸ਼੍ਰਮ ਕਾਰਡ ਬਣੇ ਹਨ, ਉਨ੍ਹਾਂ ਦੇ ਕਾਰਡ ਬਣਾ ਕੇ ਰਾਸ਼ਨ ਮੁਹੱਈਆ ਕਰਵਾਇਆ ਜਾਵੇ। ਦੂਜੇ ਪਾਸੇ ਈ-ਸ਼੍ਰਮ ਕਾਰਡ ਹੋਲਡਰ ਅਜੇ ਤੱਕ ਵੀ ਰਾਸ਼ਨ ਤੋਂ ਵਾਂਝੇ ਹਨ। ਕੀ ਸਬੰਧਤ ਮਹਿਕਮਾ ਇਸ ਵੱਲ ਧਿਆਨ ਦੇਵੇਗਾ?