ਕਰਨਾਟਕ ‘ਚ ਬਜਰੰਗ ਦਲ ਦੇ ਵਰਕਰ ਦੀ ਚਾਕੂ ਮਾਰ ਕੇ ਹੱਤਿਆ, ਸਕੂਲ ਅਤੇ ਕਾਲਜ ਬੰਦ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਿਜਾਬ ਵਿਵਾਦ ਨੂੰ ਲੈ ਕੇ ਕਰਨਾਟਕ ਦੇ ਸ਼ਿਵਮੋਗਾ ਕਸਬੇ 'ਚ ਤਣਾਅ ਬਣਿਆ ਹੋਇਆ ਹੈ। ਇੱਥੇ ਬਜਰੰਗ ਦਲ ਦੇ ਵਰਕਰ ਦੀ ਹੱਤਿਆ ਕਰ ਦਿੱਤੀ ਗਈ, ਜਿਸ ਤੋਂ ਬਾਅਦ ਤਣਾਅ ਫੈਲ ਗਿਆ। ਕਈ ਥਾਵਾਂ 'ਤੇ ਪੱਥਰਬਾਜ਼ੀ ਵੀ ਹੋਈ। ਪ੍ਰਸ਼ਾਸਨ ਨੇ ਇਹਤਿਆਤ ਵਜੋਂ ਧਾਰਾ 144 ਲਾਗੂ ਕਰ ਦਿੱਤੀ ਹੈ। ਕਤਲ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬਜਰੰਗ ਦਲ ਦੇ ਕਾਰਕੁਨ ਦੀ ਹੱਤਿਆ ਦਾ ਕਾਰਨ ਹਿਜਾਬ ਵਿਵਾਦ ਹੋ ਸਕਦਾ ਹੈ। ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।

ਇਸ ਦੌਰਾਨ ਕਰਨਾਟਕ ਦੇ ਮੰਤਰੀ ਕੇਐਸ ਈਸ਼ਵਰੱਪਾ ਨੇ ਕਿਹਾ, ''ਬਜਰੰਗ ਦਲ ਦੇ ਵਰਕਰ ਦੀ ਹੱਤਿਆ ਤੋਂ ਬਹੁਤ ਦੁਖੀ ਹਾਂ। ਉਸ ਨੂੰ 'ਮੁਸਲਿਮ ਗੁੰਡਿਆਂ' ਨੇ ਮਾਰਿਆ ਸੀ। ਮੈਂ ਹੁਣ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ਿਵਮੋਗਾ ਜਾ ਰਿਹਾ ਹਾਂ। ਅਸੀਂ ਗੁੰਡਾਗਰਦੀ ਨਹੀਂ ਹੋਣ ਦੇਵਾਂਗੇ। ਬਜਰੰਗ ਦਲ ਦੇ 23 ਸਾਲਾਂ ਵਰਕਰ ਹਰਸ਼ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਜ਼ਖਮੀ ਹਾਲਤ 'ਚ ਮੈਕਗਨ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੂੰ ਕੁਝ ਸੁਰਾਗ ਮਿਲੇ ਹਨ। ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਵਾਂਗੇ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ, "ਅਸੀਂ ਅਜੇ ਤਕ ਕਤਲ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਹੈ।" ਸ਼ਿਵਮੋਗਾ ਵਿੱਚ ਰਿਜ਼ਰਵ ਪੁਲਿਸ ਤਾਇਨਾਤ ਕੀਤੀ ਜਾ ਰਹੀ ਹੈ।