ਬਲੋਚਿਸਤਾਨ ਦੇ ਵਿਦਰੋਹੀਆਂ ਵੱਲੋਂ ਪਾਕਿਸਤਾਨ ਦੇ ਦੋ ਫੌਜੀ ਟਿਕਾਣਿਆਂ ‘ਤੇ ਹਮਲਾ, 7 ਫੌਜੀ ਸ਼ਹੀਦ

by jaskamal

ਨਿਊਜ਼ ਡੈਸਕ (ਜਸਕਮਲ) : ਪਾਕਿਸਤਾਨੀ ਸੂਬੇ ਬਲੋਚਿਸਤਾਨ 'ਚ ਦੋ ਵੱਖ-ਵੱਖ ਮੁਕਾਬਲਿਆਂ 'ਚ ਘੱਟੋ-ਘੱਟ ਸੱਤ ਸੈਨਿਕ ਅਤੇ 13 ਵਿਦਰੋਹੀ ਮਾਰੇ ਗਏ। ਦੱਖਣੀ-ਪੱਛਮੀ ਸੂਬੇ ਦੇ ਪੰਜਗੁਰ ਤੇ ਨੌਸ਼ਕੀ ਇਲਾਕਿਆਂ 'ਚ ਸੁਰੱਖਿਆ ਬਲਾਂ ਦੇ ਕੈਂਪਾਂ 'ਤੇ ਬੁੱਧਵਾਰ ਰਾਤ ਨੂੰ ਅੱਤਵਾਦੀਆਂ ਨੇ ਹਮਲਾ ਕੀਤਾ। ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਸਮੂਹ ਨੇ ਜ਼ਿੰਮੇਦਾਰੀ ਲਈ ਹੈ ਤੇ ਕਿਹਾ ਹੈ ਕਿ ਉਸਦੇ ਆਤਮਘਾਤੀ ਹਮਲਾਵਰਾਂ ਨੇ ਫੌਜੀ ਟਿਕਾਣਿਆਂ ਦੇ ਪ੍ਰਵੇਸ਼ ਦੁਆਰ 'ਤੇ ਵਿਸਫੋਟਕ ਨਾਲ ਭਰੇ ਵਾਹਨਾਂ 'ਚ ਧਮਾਕਾ ਕੀਤਾ ਸੀ, ਜਿਸ 'ਚ 50 ਤੋਂ ਵੱਧ ਸੈਨਿਕ ਮਾਰੇ ਗਏ ਸਨ। 

ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਇਕ ਵੀਡੀਓ 'ਚ ਕਿਹਾ ਸਾਡੇ ਹਥਿਆਰਬੰਦ ਬਲਾਂ ਨੇ ਵੱਡੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਇਸ ਤੋਂ ਪਹਿਲਾਂ ਰਸ਼ੀਦ ਅਹਿਮਦ ਨੇ ਕਿਹਾ ਸੀ ਕਿ ਹਮਲੇ 'ਚ ਚਾਰ ਸੈਨਿਕ ਤੇ 15 ਵਿਦਰੋਹੀ ਮਾਰੇ ਗਏ। ਹਾਲਾਂਕਿ, ਪਾਕਿਸਤਾਨੀ ਫੌਜ ਨੇ ਬਾਅਦ 'ਚ ਇਕ ਬਿਆਨ 'ਚ ਕਿਹਾ ਕਿ ਕੁੱਲ 7 ਸੈਨਿਕ ਤੇ 13 ਵਿਦਰੋਹੀ ਮਾਰੇ ਗਏ ਹਨ।

ਇਹ ਹਮਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬੀਜਿੰਗ 'ਚ ਸਰਦ ਰੁੱਤ ਓਲੰਪਿਕ ਖੇਡਾਂ ਦੇ ਉਦਘਾਟਨ ਲਈ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਹੋਏ ਹਨ। ਇਮਰਾਨ ਖਾਨ ਨੇ ਅੱਤਵਾਦੀ ਹਮਲਿਆਂ ਨੂੰ ਨਾਕਾਮ ਕਰਨ ਲਈ ਸੁਰੱਖਿਆ ਬਲਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਉਨ੍ਹਾਂ ਦੀਆਂ "ਮਹਾਨ ਕੁਰਬਾਨੀਆਂ" ਨੂੰ ਸਵੀਕਾਰ ਕੀਤਾ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਅਸੀਂ ਆਪਣੇ ਬਹਾਦਰ ਸੁਰੱਖਿਆ ਬਲਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਬਲੋਚਿਸਤਾਨ ਦੇ ਪੰਜਗੁਰ ਅਤੇ ਨੌਸ਼ਕੀ 'ਚ ਅੱਤਵਾਦੀ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਰਾਸ਼ਟਰ ਸਾਡੇ ਸੁਰੱਖਿਆ ਬਲਾਂ ਦੇ ਪਿੱਛੇ ਇੱਕਜੁਟ ਹੈ ਜੋ ਸਾਡੀ ਰੱਖਿਆ ਲਈ ਮਹਾਨ ਕੁਰਬਾਨੀਆਂ ਦਿੰਦੇ ਹਨ।