ਢਾਕਾ (ਪਾਇਲ): ਬੰਗਲਾਦੇਸ਼ ਦੇ ਮੈਮਨਸਿੰਘ ਵਿੱਚ 27 ਸਾਲਾ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਸਬੰਧ ਵਿੱਚ ਦਸ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰੈਪਿਡ ਐਕਸ਼ਨ ਬਟਾਲੀਅਨ (RAB) ਨੇ ਸੱਤ ਸ਼ੱਕੀਆਂ ਨੂੰ ਕਾਬੂ ਕੀਤਾ ਹੈ, ਜਦਕਿ ਪੁਲਿਸ ਨੇ 3 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਐਕਸ (X) 'ਤੇ ਇੱਕ ਪੋਸਟ ਵਿੱਚ ਕਿਹਾ ਕਿ "ਮੈਮਨਸਿੰਘ ਹਿੰਦੂ ਨੌਜਵਾਨ ਕੁੱਟਮਾਰ-ਕਤਲ ਕੇਸ ਵਿੱਚ 10 ਗ੍ਰਿਫ਼ਤਾਰ ਕੀਤੇ ਗਏ ਹਨ।" ਉਨ੍ਹਾਂ ਅੱਗੇ ਕਿਹਾ, ‘‘ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਮੈਮਨਸਿੰਘ ਦੇ ਭਾਲੂਕਾ ਵਿੱਚ ਇੱਕ ਸਨਾਤਨ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ (27) ਦੀ ਕੁੱਟ-ਕੁੱਟ ਕੇ ਕੀਤੀ ਗਈ ਹੱਤਿਆ ਦੇ ਸਬੰਧ ਵਿੱਚ ਦਸ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।’’
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਮੁਹੰਮਦ ਲਿਮਨ ਸਰਕਾਰ (19), ਮੁਹੰਮਦ ਤਾਰਿਕ ਹੁਸੈਨ (19), ਮੁਹੰਮਦ ਮਾਣਿਕ ਮੀਆਂ (20), ਇਰਸ਼ਾਦ ਅਲੀ (39), ਨਿਜੁਮ ਉਦੀਨ (20), ਆਲਮਗੀਰ ਹੁਸੈਨ (38) ਅਤੇ ਮੁਹੰਮਦ ਮਿਰਾਜ ਹੁਸੈਨ ਅਕੋਨ (46)। RAB ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਪੁਲਿਸ ਨੇ ਤਿੰਨ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂ ਮੁਹੰਮਦ ਅਜ਼ਮਲ ਹਸਨ ਸਾਗਿਰ (26), ਮੁਹੰਮਦ ਸ਼ਾਹੀਨ ਮੀਆਂ (19) ਅਤੇ ਮੁਹੰਮਦ ਨਜ਼ਮੁਲ ਹਨ। ਮੁੱਖ ਸਲਾਹਕਾਰ ਨੇ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚੋਂ ਸੱਤ ਨੂੰ ਰੈਪਿਡ ਐਕਸ਼ਨ ਬਟਾਲੀਅਨ (RAB) ਨੇ ਅਤੇ ਤਿੰਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ। RAB ਅਤੇ ਪੁਲਿਸ ਨੇ ਉਪਰੋਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ 'ਤੇ ਆਪਰੇਸ਼ਨ ਚਲਾਏ।
ਜ਼ਿਕਰਯੋਗ ਹੈ ਕਿ ਦੀਪੂ ਚੰਦਰ ਦਾਸ ਦੀ ਕਥਿਤ ਈਸ਼ਨਿੰਦਾ ਦੇ ਦੋਸ਼ ਵਿੱਚ ਇੱਕ ਭੀੜ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਘਟਨਾ ਨੇ ਵਿਆਪਕ ਰੋਸ ਅਤੇ ਨਿੰਦਾ ਪੈਦਾ ਕੀਤੀ ਹੈ।

