ਬੰਗਲਾਦੇਸ਼ ਦਾ ਵੱਡਾ ਕਾਰਾ, ਅਕਸਰ ਡੁੱਬ ਜਾਨ ਵਾਲੇ ਟਾਪੂ ’ਤੇ 1700 ਰੋਹਿੰਗੀਆ ਸ਼ਰਨਾਰਥੀਆਂ ਨੂੰ ਭੇਜਿਆ

by vikramsehajpal

ਢਾਕਾ (ਦੇਵ ਇੰਦਰਜੀਤ) - ਮਨੁੱਖੀ ਅਧਿਕਾਰ ਸਮੂਹਾਂ ਦੀਆਂ ਚਿੰਤਾਵਾਂ ਦੇ ਬਾਵਜੂਦ ਬੰਗਲਾਦੇਸ਼ ਦੇ ਦੱਖਣ-ਪੂਰਬ ਵਿੱਚ ਸਥਿਤ ਬੰਦਰਗਾਹ ਸ਼ਹਿਰ ਚਿਟਾਗੌਂਗ ਤੋਂ ਅੱਜ ਨੇਵੀ ਦੇ ਪੰਜ ਜਹਾਜ਼ਾਂ ਰਾਹੀਂ 1700 ਤੋਂ ਵੱਧ ਰੋਹਿੰਗੀਆ ਸ਼ਰਨਾਰਥੀਆਂ ਨੂੰ ਅਲੱਗ-ਥਲੱਗ ਟਾਪੂ ਲਈ ਭੇਜ ਦਿੱਤਾ ਗਿਆ।

ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨਾਲ 3 ਘੰਟਿਆਂ ਦੀ ਯਾਤਰਾ ਮਗਰੋਂ ਸ਼ਰਨਾਰਥੀਆਂ ਦੇ ਭਾਸ਼ਾਨ 4 ਟਾਪੂ ’ਤੇ ਪੁੱਜਣ ਦੀ ਸੰਭਾਵਨਾ ਹੈ। ਅਧਿਕਾਰੀ ਅਨੁਸਾਰ ਸ਼ਰਨਾਰਥੀਆਂ ਨੂੰ ਕਾਕਸ ਬਾਜ਼ਾਰ ਵਿੱਚ ਉਨ੍ਹਾਂ ਦੇ ਕੈਂਪਾਂ ਤੋਂ ਬੱਸਾਂ ਰਾਹੀਂ ਸੋਮਵਾਰ ਨੂੰ ਚਿਟਾਗੌਂਗ ਲਿਜਾਇਆ ਗਿਆ ਤੇ ਦੇਰ ਰਾਤ ਅਸਥਾਈ ਕੈਂਪ ’ਚ ਠਹਿਰਾਇਆ ਗਿਆ। ਅਧਿਕਾਰੀਆਂ ਅਨੁਸਾਰ ਜਿਹੜੇ ਸ਼ਰਨਾਰਥੀ ਇਸ ਟਾਪੂ ’ਤੇ ਜਾਣਾ ਚਾਹੁੰਦੇ ਸਨ, ਉਨ੍ਹਾਂ ਨੂੰ ਹੀ ਉੱਥੇ ਭੇਜਿਆ ਗਿਆ ਹੈ। ਕਿਸੇ ’ਤੇ ਕੋਈ ਦਬਾਅ ਨਹੀਂ ਬਣਾਇਆ ਗਿਆ। ਦੂਜੇ ਪਾਸੇ ਕਈ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਕਿਹਾ ਕਿ ਕੁਝ ਸ਼ਰਨਾਰਥੀਆਂ ਨੂੰ ਇੰਨੀ ਦੂਰ ਜਾਣ ਲਈ ਮਜਬੂਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਇਹ ਟਾਪੂ 20 ਸਾਲ ਪਹਿਲਾਂ ਸਮੁੰਦਰ ’ਚ ਹੋਂਦ ਵਿੱਚ ਆਇਆ ਸੀ, ਜੋ ਮੌਨਸੂਨ ਦੌਰਾਨ ਮੀਂਹ ਪੈਣ ਮੌਕੇ ਅਕਸਰ ਡੁੱਬ ਜਾਂਦਾ ਹੈ ਪਰ ਬੰਗਲਾਦੇਸ਼ ਦੀ ਜਲ ਸੈਨਾ ਨੇ ਉੱਥੇ ਘਰਾਂ, ਹਸਪਤਾਲਾਂ ਤੇ ਮਸਜਿਦਾਂ ਦਾ ਨਿਰਮਾਣ ਕਰ ਕੇ ਇਸ ਨੂੰ ਇੱਕ ਲੱਖ ਲੋਕਾਂ ਦੇ ਰਹਿਣ ਲਈ ਤਿਆਰ ਕੀਤਾ ਹੈ।