ਬੰਗਲਾਦੇਸ਼: ਦੁਰਗਾ ਪੂਜਾ ਦੌਰਾਨ ਮੰਦਰਾਂ ਦੀ ਭੰਨ-ਤੋੜ, 4 ਹਲਾਕ

by vikramsehajpal

ਢਾਕਾ (ਦੇਵ ਇੰਦਰਜੀਤ)- ਬੰਗਲਾਦੇਸ਼ ਵਿੱਚ ਕੁਝ ਅਣਪਛਾਤੇ ਹੁੱਲੜਬਾਜ਼ਾਂ ਵੱਲੋਂ ਦੁਰਗਾ ਪੂਜਾ ਦੌਰਾਨ ਮੰਦਰਾਂ ਦੀ ਭੰਨ-ਤੋੜ ਕੀਤੀ ਗਈ। ਝੜਪਾਂ ਦੌਰਾਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਫੱਟੜ ਹੋ ਗਏ। ਇਸ ਕਾਰਨ ਸਰਕਾਰ ਨੇ 22 ਜ਼ਿਲ੍ਹਿਆਂ ਵਿੱਚ ਨੀਮ ਫ਼ੌਜੀ ਬਲਾਂ ਦੀ ਤਾਇਨਾਤੀ ਕਰ ਦਿੱਤੀ ਹੈ। ਇਹ ਜਾਣਕਾਰੀ ਵੀਰਵਾਰ ਨੂੰ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ ਦੇ 22 ਜ਼ਿਲ੍ਹਿਆਂ ਵਿੱਚ ਬਾਰਡਰ ਗਾਰਡਜ਼ ਬੰਗਲਾਦੇਸ਼ (ਬੀਜੀਐਮ) ਦੇ ਦਸਤਿਆਂ ਨੂੰ ਤਾਇਨਾਤ ਕਰ ਦਿੱਤਾ ਹੈ ਤਾਂ ਜੋ ਹਿੰਸਕ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਅਪਰਾਧ ਰੋਕੂ ਰੈਪਿਡ ਐਕਸ਼ਨ ਬਟਾਲੀਅਨ (ਆਰਏਬੀ) ਅਤੇ ਹਥਿਆਰਬੰਦ ਪੁਲੀਸ ਨੂੰ ਵੀ ਬੀਜੀਐਮ ਨਾਲ ਤਾਇਨਾਤ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੁੱਧਵਾਰ ਨੂੰ ਕਮਿੱਲਾ ਨੇੜੇ ਪੈਂਦੇ ਚਾਂਦਪੁਰ ਵਿੱਚ ਹਾਜੀਗੰਜ ਸਬ ਜ਼ਿਲ੍ਹੇ ਵਿੱਚ ਮੁਸਲਿਮ ਕੱਟੜਪੰਥੀਆਂ ਅਤੇ ਪੁਲੀਸ ਵਿਚਾਲੇ ਝੜਪਾਂ ਵਿੱਚ ਤਿੰਨ ਵਿਅਕਤੀ ਹਲਾਕ ਹੋ ਗਏ ਜਦੋਂ ਕਿ ਚੌਥੇ ਵਿਅਕਤੀ ਨੇ ਬਾਅਦ ਵਿੱਚ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਹਾਜੀਗੰਜ ਵਿੱਚ ਰੈਲੀਆਂ ’ਤੇ ਪਾਬੰਦੀ ਲਾ ਦਿੱਤੀ ਹੈ ਜਿੱਥੇ ਚਾਰ ਵਿਅਕਤੀਆਂ ਦੀਆਂ ਮੌਤਾਂ ਦੀ ਪੁਸ਼ਟੀ ਹੋਈ ਹੈ।

ਪੁਲੀਸ ਨੇ ਦੱਸਿਆ ਕਿ ਹਜੂਮ ਵੱਲੋਂ ਕੀਤੇ ਗੲੇ ਹਮਲੇ ਵਿੱਚ ਪੁਲੀਸ ਦੇ ਕੁਝ ਅਧਿਕਾਰੀ ਵੀ ਫੱਟੜ ਹੋ ਗਏ ਅਤੇ ਹਮਲਾਵਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਾਂ ਵੀ ਭੰਨ ਦਿੱਤੀਆਂ। ਹਾਲਾਂ ਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਪੁਲੀਸ ਕਾਰਵਾਈ ਕਾਰਨ ਹਾਲਾਤ ਵਿਗੜੇ ਹਨ ਪਰ ਮੀਡੀਆ ਰਿਪੋਰਟਾਂ ਮੁਤਾਬਕ 500 ਤੋਂ ਵੱਧ ਵਿਅਕਤੀਆਂ ਦੀ ਭੀੜ ’ਤੇ ਪੁਲੀਸ ਨੇ ਗੋਲੀ ਚਲਾਈ। ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ 100 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਕਮਿੱਲਾ ਦੇ ਸਥਾਨਕ ਮੰਦਰ ਵਿੱਚ ਬੁੱਧਵਾਰ ਨੂੰ ਹੋਈ ਕਥਿਤ ਕੁਫ਼ਰ ਤੋਲਣ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ਇਹ ਖ਼ਬਰ ਫੈਲਾਉਣ ਮਗਰੋਂ ਸਥਿਤੀ ਤਣਾਅਪੂਰਨ ਬਣੀ ਅਤੇ ਚਾਂਦਪੁਰ ਦੇ ਹਾਜੀਗੰਜ, ਚਟੋਗ੍ਰਾਮ ਦੇ ਬੰਸ਼ਖਲੀ ਅਤੇ ਕੌਕਸ ਦੇ ਬਾਜ਼ਾਰ ਦੇ ਪੇਕੁਆ ਵਿੱਚ ਮੰਦਰਾਂ ਦੀ ਭੰਨ-ਤੋੜ ਕੀਤੀ ਗਈ। ਹਿੰਦੂ ਧਰਮ ਨਾਲ ਸਬੰਧਤ ਆਗੂਆਂ ਨੇ ਕਿਹਾ ਕਿ ਦੁਰਗਾ ਪੂਜਾ ਦੇ ਜਸ਼ਨਾਂ ਨੂੰ ਪ੍ਰਭਾਵਿਤ ਕਰਨ ਲਈ ਇਹ ਹਿੰਸਾ ਕੀਤੀ ਗਈ ਹੈ। ਉਨ੍ਹਾਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਅਤੇ ਹਿੰਦੂ ਮੰਦਰਾਂ ਦੀ ਹਿਫ਼ਾਜ਼ਤ ਕਰਨ ਦੀ ਮੰਗ ਕੀਤੀ।

ਕਮਿੱਲਾ ਜ਼ਿਲ੍ਹੇ ਦੀ ਪੂਜਾ ਕਮੇਟੀ ਦੇ ਸਕੱਤਰ ਨਿਰਮੋਲ ਪਾਲ ਸਿੰਘ ਨੇ ਦੱਸਿਆ ਕਿ ਦੁਰਗਾ ਪੂਜਾ ਵਿੱਚ ਵਿਘਨ ਪਾਉਣ ਲਈ ਇਕ ਖਾਸ ਤਬਕੇ ਨੇ ਕੁਫ਼ਰ ਤੋਲਿਆ ਹੈ। ਪੁਲੀਸ ਨੇ ਦੱਸਿਆ ਕਿ ਹਿੰਸਾ ਸਬੰਧੀ ਹੁਣ ਤੱਕ 43 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਿਨ੍ਹਾਂ ਵਿਅਕਤੀਆਂ ਨੇ ਸੋਸ਼ਲ ਮੀਡੀਆ ’ਤੇ ਪਹਿਲੀ ਵਾਰ ਘਟਨਾ ਦੀ ਵੀਡੀਉ ਸਾਂਝੀ ਕੀਤੀ ਸੀ, ਉਹ ਵੀ ਹਿਰਾਸਤ ਵਿੱਚ ਲੈ ਲਏ ਗਏ ਹਨ। ਕਮਿੱਲਾ ਵਿੱਚ ਪੁਲੀਸ ਦੇ ਡਿਪਟੀ ਇੰਸਪੈਕਟਰ ਜਨਰਲ ਅਨਵਰ ਹੁਸੈਨ ਨੇ ਮੀਡੀਆ ਨੂੰ ਦੱਸਿਆ ਕਿ ਜਾਂਚ ਚੱਲ ਰਹੀ ਹੈ। ਉਹ ਛੇਤੀ ਹੀ ਦੋਸ਼ੀਆਂ ਦੀ ਪਛਾਣ ਕਰ ਲੈਣਗੇ। ਸੱਤਾਧਾਰੀ ਅਵਾਮੀ ਲੀਗ ਜਨਰਲ ਸਕੱਤਰ ਅਤੇ ਰੋਡ ਟਰਾਂਸਪੋਰਟ ਮੰਤਰੀ ਅਬਦੁਲ ਕਦਮ ਨੇ ਦੱਸਿਆ ਕਿ ਸਿਆਸੀ ਹਿੱਤ ਲਈ 10 ਤੋਂ 12 ਥਾਵਾਂ ’ਤੇ ਮੰਦਰਾਂ ’ਤੇ ਹਮਲਾ ਕੀਤਾ ਗਿਆ ਹੈ ਪਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਉਨ੍ਹਾਂ ਨੂੰ ਉਨ੍ਹਾਂ ਦੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਅਫ਼ਵਾਹਾਂ ਫੈਲਾ ਕੇ ਮੁਲਕ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ। ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਐਮਰਜੈਂਸੀ ਨੋਟਿਸ ਜਾਰੀ ਕੀਤਾ ਜਿਸ ਵਿੱਚ ਜਨਤਾ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਨਾ ਲੈਣ ਦੀ ਅਪੀਲ ਕੀਤੀ ਗਈ।