ਬਰਨਾਲਾ : ਸਕੂਲੀ ਬੱਸ ਤੇ ਕੈਂਟਰ ਵਿਚਾਲੇ ਭਿਆਨਕ ਟੱਕਰ; 14 ਬੱਚੇ ਜ਼ਖ਼ਮੀ

by jagjeetkaur

ਬਰਨਾਲਾ ‘ਚ ਤੇਜ਼ ਰਫਤਾਰ ਸਕੂਲੀ ਬੱਸ ਅਤੇ ਕੈਂਟਰ ਵਿਚਾਲੇ ਹੋਈ ਟੱਕਰ ‘ਚ ਬੱਸ ਦੇ ਡਰਾਈਵਰ ਤੇ ਹੈਲਪਰ ਸਮੇਤ 14 ਸਕੂਲੀ ਬੱਚੇ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਬਰਨਾਲਾ-ਚੰਡੀਗੜ੍ਹ ਮੁੱਖ ਸੜਕ ‘ਤੇ ਧਨੌਲਾ ਨੇੜੇ ਵਾਪਰਿਆ।

ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 8 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਬੱਸ ਵੱਖ-ਵੱਖ ਪਿੰਡਾਂ ਤੋਂ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ। ਬੱਸ ਚਾਲਕ ਨੇ ਦੱਸਿਆ ਕਿ ਉਹ ਗ੍ਰੀਨ ਫੀਲਡ ਸਕੂਲ ਦਾਨਗੜ੍ਹ ਦੀ ਬੱਸ ਚਲਾਉਂਦਾ ਹੈ। ਅੱਜ ਸਵੇਰੇ ਜਦੋਂ ਉਹ ਆਪਣੇ ਬੱਚਿਆਂ ਨਾਲ ਸਕੂਲ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਬੱਸ ਦੀ ਟੱਕਰ ਹੋ ਗਈ।

ਉਨ੍ਹਾਂ ਦੱਸਿਆ ਕਿ ਬੱਸ ਵਿੱਚ 40 ਦੇ ਕਰੀਬ ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ 14 ਬੱਚੇ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਬੱਸ ਦਾ ਡਰਾਈਵਰ ਅਤੇ ਹੈਲਪਰ ਵੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ ਹੈ।