ਬੈਲਜੀਅਮ (ਪਾਇਲ): ਬੱਚਿਆਂ 'ਚ ਬਹੁਤ ਮਸ਼ਹੂਰ ਕਿੰਡਰ ਚਾਕਲੇਟਸ ਨੂੰ ਲੈ ਕੇ ਇਕ ਵੱਡੀ ਸਿਹਤ ਚੇਤਾਵਨੀ ਜਾਰੀ ਕੀਤੀ ਗਈ ਹੈ। ਯੂਰਪ ਦੇ ਕਈ ਦੇਸ਼ਾਂ 'ਚ ਇਨ੍ਹਾਂ ਚਾਕਲੇਟਾਂ ਦੇ ਸੇਵਨ ਤੋਂ ਬਾਅਦ ਸਾਲਮੋਨੇਲਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ 150 ਤੋਂ ਜ਼ਿਆਦਾ ਲੋਕ ਬੀਮਾਰ ਹੋ ਚੁੱਕੇ ਹਨ। ਦੱਸ ਦਇਏ ਕਿ ਬਿਮਾਰ ਹੋਣ ਵਾਲਿਆਂ ਵਿੱਚ ਜ਼ਿਆਦਾਤਰ ਛੋਟੇ ਬੱਚੇ ਸ਼ਾਮਲ ਹਨ।
ਜਿਸ ਦੌਰਾਨ ਇਨਫੈਕਸ਼ਨ ਕਾਰਨ ਕੁਝ ਬੱਚਿਆਂ ਨੂੰ ਗੰਭੀਰ ਹਾਲਤ ਹੋਣ ਕਰਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਨਫੈਕਸ਼ਨ ਬੈਲਜੀਅਮ ਦੀ ਇਕ ਫੈਕਟਰੀ ਤੋਂ ਫੈਲੀ ਸੀ। ਉਤਪਾਦਨ ਦੌਰਾਨ ਸਫਾਈ ਅਤੇ ਗੁਣਵੱਤਾ ਜਾਂਚ ਵਿੱਚ ਕਮੀਆਂ ਕਾਰਨ ਬੈਕਟੀਰੀਆ ਚਾਕਲੇਟ ਵਿੱਚ ਫੈਲ ਗਿਆ। ਨਤੀਜੇ ਵਜੋਂ, ਕਿੰਡਰ ਚਾਕਲੇਟ ਬਣਾਉਣ ਵਾਲੀ ਕੰਪਨੀ ਨੇ ਕਈ ਅੰਤਰਰਾਸ਼ਟਰੀ ਬਾਜ਼ਾਰਾਂ ਤੋਂ ਪ੍ਰਭਾਵਿਤ ਬੈਚਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ।
ਇਸ ਅੰਤਰਰਾਸ਼ਟਰੀ ਸਿਹਤ ਚੇਤਾਵਨੀ ਤੋਂ ਬਾਅਦ ਭਾਰਤ ਨੂੰ ਲੈ ਕੇ ਵੀ ਚਿੰਤਾਵਾਂ ਜਤਾਈਆਂ ਜਾ ਰਹੀਆਂ ਸਨ ਪਰ ਭਾਰਤੀ ਖਪਤਕਾਰਾਂ ਲਈ ਇੱਕ ਚੰਗੀ ਖ਼ਬਰ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਪੁਸ਼ਟੀ ਕੀਤੀ ਹੈ ਕਿ ਦੂਸ਼ਿਤ ਬੈਚ ਭਾਰਤ ਵਿੱਚ ਆਯਾਤ ਨਹੀਂ ਕੀਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਭਾਰਤੀ ਖਪਤਕਾਰ ਇਸ ਪ੍ਰਕੋਪ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਸਿਹਤ ਮਾਹਰ ਚੇਤਾਵਨੀ ਦਿੰਦੇ ਹਨ ਕਿ ਸਾਲਮੋਨੇਲਾ ਦੀ ਇਨਫੈਕਸ਼ਨ ਬੱਚਿਆਂ ਅਤੇ ਬਜ਼ੁਰਗਾਂ ਲਈ ਖਾਸ ਤੌਰ 'ਤੇ ਖਤਰਨਾਕ ਹੋ ਸਕਦੀ ਹੈ। ਇਹ ਪੇਟ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੀ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਾਪਸ ਮੰਗੇ ਗਏ ਉਤਪਾਦਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨ ਅਤੇ ਜੇਕਰ ਇਹਨਾਂ ਦਾ ਸੇਵਨ ਕਰਨ ਤੋਂ ਬਾਅਦ ਦਸਤ, ਉਲਟੀਆਂ ਜਾਂ ਬੁਖਾਰ ਵਰਗੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੇ।



