ਸਲਾਹਕਾਰਾਂ ਤੋਂ ਸੁਚੇਤ ਰਹਿਣ ਕੈਪਟਨ : ਸੁਨੀਲ ਜਾਖੜ

ਸਲਾਹਕਾਰਾਂ ਤੋਂ ਸੁਚੇਤ ਰਹਿਣ ਕੈਪਟਨ : ਸੁਨੀਲ ਜਾਖੜ

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ’ਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਸਮੇਂ-ਸਮੇਂ ’ਤੇ ਟਵੀਟ ਕਰ ਕੇ ਆਪਣੇ ਵਿਚਾਰਾਂ ਨੂੰ ਪਾਰਟੀ ਲੀਡਰਸ਼ਿਪ ਅਤੇ ਨੇਤਾਵਾਂ ਦਰਮਿਆਨ ਲਿਆ ਰਹੇ ਹਨ, ਜਿਸ ਕਾਰਨ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਜਾਖੜ ਨੇ ਇਕ ਤਾਜ਼ਾ ਟਵੀਟ ਕਰ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹਕਾਰਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਭਾਵੇਂ ਆਪਣੇ ਟਵੀਟ ’ਚ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਨਹੀਂ ਲਿਆ ਹੈ ਪਰ ਉਨ੍ਹਾਂ ਦੇ ਟਵੀਟ ਨੂੰ ਕੈਪਟਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਟਵੀਟ ’ਚ ਕਿਹਾ ਕਿ ਰੂਸ ਦਾ ਆਖਰੀ ਸ਼ਾਸਕ ਨਿਕੋਲਸ ਸੀ, ਜਿਸ ਦੀ ਪਤਨੀ ਜ਼ਰੀਨਾ ਜਰਮਨ ਦੀ ਨਾਗਰਿਕ ਸੀ। ਜਰਮਨ ਅਤੇ ਰੂਸ ਪਹਿਲੇ ਵਿਸ਼ਵ ਯੁੱਧ ’ਚ ਇਕ-ਦੂਜੇ ਖਿਲਾਫ ਲੜ ਰਹੇ ਸਨ ਪਰ ਇਸ ਲੜਾਈ ਨਾਲ ਜ਼ਰੀਨਾ ਜਾਂ ਉਸ ਦੀ ਕੌਮੀਅਤ ਦਾ ਕੋਈ ਸਬੰਧ ਨਹੀਂ ਸੀ ਸਗੋਂ ਰੂਸ ਦਾ ਆਖਰੀ ਰਾਜਾ ਨਿਕੋਲਸ ਦੇਸ਼ ਦੇ ਅੰਦਰ ਕਮਿਊਨਿਸਟ ਲਹਿਰ ਪੈਦਾ ਹੋਣ ਕਾਰਨ ਆਪਣੇ ਹੀ ਦੇਸ਼ ਦੇ ਲੋਕਾਂ ਦੇ ਹੱਥੋਂ ਮਾਰਿਆ ਗਿਆ ਸੀ।

ਯੁੱਧ ’ਚ ਹਾਰ ਅਤੇ ਕਮਿਊਨਿਸਟ ਲਹਿਰ ਦੇ ਪੈਦਾ ਹੋਣ ਦੇ ਪਿੱਛੇ ਜ਼ਰੀਨਾ ਨਹੀਂ ਸੀ ਸਗੋਂ ਸ਼ਾਸਕ ਦੇ ਅਖੌਤੀ ਸਲਾਹਕਾਰ ਸਨ, ਜਿਸ ਕਾਰਨ ਰਾਜਸ਼ਾਹੀ ਦੇ ਅਖੀਰ ਦੀ ਸ਼ੁਰੂਆਤ ਹੋਈ ਸੀ।

ਜਾਖੜ ਦੇ ਤਾਜ਼ਾ ਟਵੀਟ ਨਾਲ ਸਿਆਸੀ ਖੇਤਰਾਂ ’ਚ ਇਹੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੈਪਟਨ ਨੂੰ ਆਪਣੇ ਸਲਾਹਕਾਰਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ।

ਜਾਖੜ ਦਾ ਮੰਨਣਾ ਹੈ ਕਿ ਪਹਿਲਾਂ ਵੀ ਕੈਪਟਨ ਦੀ ਸਰਕਾਰ ਨੂੰ ਸਲਾਹਕਾਰਾਂ ਨੇ ਹੀ ਸੱਟ ਮਾਰੀ ਸੀ ਪਰ ਇਸ ਵਾਰ ਵੀ ਕੁੱਝ ਅਜਿਹਾ ਹੀ ਹੋਇਆ ਹੈ। ਇਸ ਲਈ ਉਨ੍ਹਾਂ ਨੇ ਹੁਣ ਸਾਬਕਾ ਮੁੱਖ ਮੰਤਰੀ ਨੂੰ ਸਲਾਹਕਾਰਾਂ ਦੀ ਰਾਏ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਜਾਖੜ ਇਸ ਤੋਂ ਪਹਿਲਾਂ ਕਈ ਵਾਰ ਕੇਂਦਰੀ ਲੀਡਰਸ਼ਿਪ ਨੂੰ ਵੀ ਪੰਜਾਬ ਦੇ ਮਾਮਲੇ ’ਚ ਚੌਕਸੀ ਨਾਲ ਕਦਮ ਵਧਾਉਣ ਬਾਰੇ ਟਵੀਟ ਜਾਰੀ ਕਰ ਚੁੱਕੇ ਹਨ ਅਤੇ ਕਾਂਗਰਸੀ ਨੇਤਾਵਾਂ ਨੂੰ ਵੀ ਸਮੇਂ-ਸਮੇਂ ’ਤੇ ਉਹ ਚੌਕਸ ਰਹਿਣ ਲਈ ਕਹਿ ਰਹੇ ਹਨ। ਕਾਂਗਰਸ ਦੇ ਅੰਦਰ ਚੱਲ ਰਹੇ ਝਗੜੇ ਨੂੰ ਲੈ ਕੇ ਉਨ੍ਹਾਂ ਨੇ ਇਹੀ ਕਿਹਾ ਸੀ ਕਿ ਇਹ ਲੜਾਈ ਬੰਦ ਹੋਣੀ ਚਾਹੀਦੀ ਹੈ।