ਭਾਰਤ ਬਾਇਓਟੈੱਕ ਨੇ 2-18 ਸਾਲ ਤੱਕ ਦੇ ਬੱਚਿਆਂ ‘ਤੇ ਕੋਵੈਕਸੀਨ ਬੂਸਟਰ ਦੇ ਟੈਸਟ ਦੀ ਮਨਜ਼ੂਰੀ ਮੰਗੀ

by jaskamal

ਨਿਊਜ਼ ਡੈਸਕ : ਭਾਰਤ ਬਾਇਓਟੈੱਕ ਨੇ 2 ਸਾਲ ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ 'ਤੇ ਕੋਵੈਕਸੀਨ ਦੀ ਬੂਸਟਰ ਖੁਰਾਕ ਸਬੰਧੀ ਦੂਜੇ/ਤੀਜੇ ਪੜਾਅ ਦੇ ਪ੍ਰੀਖਣ ਲਈ ਡਰੱਗ ਰੈਗੂਲੇਟਰ ਤੋਂ ਮਨਜ਼ੂਰੀ ਮੰਗੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਫਿਲਹਾਲ ਕੋਵੈਕਸੀਨ ਤੇ ਕੋਵਿਸ਼ੀਲਡ ਦੀ ਬੂਸਟਰ ਡੋਜ਼ 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਅਜਿਹੇ ਲੋਕਾਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਨੂੰ ਦੂਜੀ ਖੁਰਾਕ ਲਏ ਹੋਏ 9 ਮਹੀਨੇ ਪੂਰੇ ਹੋ ਚੁਕੇ ਹਨ। ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ,''ਹੈਦਰਾਬਾਦ ਦੀ ਕੰਪਨੀ ਨੇ 29 ਅਪ੍ਰੈਲ ਨੂੰ ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਦੇ ਸਾਹਮਣੇ ਬੇਨਤੀ ਕਰ ਕੇ ਕੋਵੈਕਸੀਨ ਦੀ ਬੂਸਟਰ ਡੋਜ਼ ਦੇ 2 ਤੋਂ 18 ਸਾਲ ਦੇ ਬੱਚਿਆਂ 'ਤੇ ਟੈਸਟ ਦੀ ਮਨਜ਼ੂਰੀ ਮੰਗੀ ਹੈ।"

ਇਹ ਅਧਿਐਨ ਅਖਿਲ ਭਾਰਤੀ ਆਯੂਰਵਿਗਿਾਨ ਸੰਸਥਾ (ਏਮਜ਼), ਦਿੱਲੀ ਅਤੇ ਪਟਨਾ ਸਮੇਤ 6 ਥਾਂਵਾਂ 'ਤੇ ਕੀਤਾ ਜਾਵੇਗਾ। ਭਾਰਤ ਨੇ ਸਿਹਤ ਕਰਮੀਆਂ ਅਤੇ ਮੋਹਰੀ ਮੋਰਚੇ ਦੇ ਵਰਕਰਾਂ ਅਤੇ ਹੋਰ ਬੀਮਾਰੀਆਂ ਵਾਲੇ 60 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਟੀਕੇ ਦੀ ਬੂਸਟਰ ਡੋਜ਼ ਇਸ ਸਾਲ 10 ਜਨਵਰੀ ਤੋਂ ਦੇਣੀ ਸ਼ੁਰੂ ਕਰ ਦਿੱਤੀ ਸੀ। ਭਾਰਤ ਨੇ 10 ਅਪ੍ਰੈਲ ਨੂੰ 18 ਸਾਲ ਦੀ ਉਮਰ ਦੇ ਉੱਪਰ ਦੇ ਸਾਰੇ ਵਿਅਕਤੀਆਂ ਲਈ ਨਿੱਜੀ ਟੀਕਾ ਕੇਂਦਰਾਂ 'ਚ ਬੂਸਟਰ ਡੋਜ਼ ਦੀ ਮਨਜ਼ੂਰੀ ਦਿੱਤੀ ਸੀ।