ਬਾਇਡੇਨ ਦਾ ਪੁਤਿਨ ‘ਤੇ ਸ਼ਬਦੀ ਹਮਲਾ, ਕਿਹਾ- ‘ਸੱਤਾ ‘ਚ ਨਹੀਂ ਰਹਿ ਸਕਦਾ ਇਹ ਆਦਮੀ’

by jaskamal

ਨਿਊਜ਼ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਸ਼ਨੀਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਤਿੱਖਾ ਹਮਲਾ ਕੀਤਾ ਤੇ ਪੱਛਮੀ ਦੇਸ਼ਾਂ ਨੂੰ ਉਦਾਰ ਲੋਕਤੰਤਰ ਪ੍ਰਤੀ ਵਚਨਬੱਧਤਾ ਦਾ ਸੱਦਾ ਦਿੱਤਾ। ਯੂਰਪ ਦੇ ਚਾਰ ਦਿਨਾਂ ਦੌਰੇ 'ਤੇ ਆਏ ਬਾਇਡੇਨ ਨੇ ਦੁਨੀਆ ਦੇ ਹੋਰ ਨੇਤਾਵਾਂ ਨਾਲ ਮੁਲਾਕਾਤ ਦੌਰਾਨ ਪੁਤਿਨ ਬਾਰੇ ਕਿਹਾ ਕਿ ਇਹ ਆਦਮੀ ਸੱਤਾ 'ਚ ਨਹੀਂ ਰਹਿ ਸਕਦਾ। ਬਾਇਡੇਨ ਨੇ ਪਹਿਲਾਂ ਪੁਤਿਨ ਨੂੰ 'ਕਸਾਈ' ਕਿਹਾ ਸੀ ਪਰ ਬਾਅਦ 'ਚ ਉਹ ਇਸ ਬਿਆਨ ਤੋਂ ਦੂਰੀ ਰੱਖਦੇ ਨਜ਼ਰ ਆਏ। ਉੱਥੇ ਬਾਇਡੇਨ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੇ ਸਹਿਯੋਗੀ ਸਪੱਸ਼ਟ ਕਰ ਰਹੇ ਸਨ ਕਿ ਉਨ੍ਹਾਂ ਨੇ ਮਾਸਕੋ 'ਚ ਤੁਰੰਤ ਸਰਕਾਰ ਬਦਲਣ ਦੀ ਮੰਗ ਨਹੀਂ ਕੀਤੀ ਸੀ।

ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਫਤਰ) ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਬਾਇਡੇਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਰੂਸ 'ਚ ਕੌਣ ਸੱਤਾ 'ਚ ਰਹੇਗਾ ਇਸ ਦਾ ਫ਼ੈਸਲਾ ਨਾ ਤਾਂ ਅਮਰੀਕਾ ਦੇ ਰਾਸ਼ਟਰਪਤੀ ਦੁਆਰਾ ਤੇ ਨਾ ਹੀ ਅਮਰੀਕੀ ਲੋਕਾਂ ਦੁਆਰਾ ਕੀਤਾ ਜਾਵੇਗਾ। ਵਾਰਸਾ ਦੇ ਪ੍ਰਸਿੱਧ ਰਾਇਲ ਕੈਸਲ 'ਚ ਪਹੁੰਚਣ ਤੋਂ ਪਹਿਲਾਂ ਆਪਣੇ ਲਗਪਗ 30 ਮਿੰਟ ਦੇ ਭਾਸ਼ਣ 'ਚ ਉਨ੍ਹਾਂ ਨੇ ਪੱਛਮੀ ਸਹਿਯੋਗੀਆਂ ਨੂੰ "ਆਜ਼ਾਦੀ ਦੀ ਨਵੀਂ ਲੜਾਈ" 'ਚ ਇਕ ਮੁਸ਼ਕਲ ਰਸਤੇ 'ਤੇ ਤੁਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪੁਤਿਨ ਨੂੰ ਨਾਟੋ ਰਾਸ਼ਟਰ ਦੇ "ਇਕ ਇੰਚ" 'ਤੇ ਵੀ ਹਮਲਾ ਕਰਨ ਵਿਰੁੱਧ ਸਪੱਸ਼ਟ ਤੌਰ 'ਤੇ ਚੇਤਾਵਨੀ ਦਿੱਤੀ।