ਯੂਕਰੇਨ-ਰੂਸ ਵਿਵਾਦ ‘ਤੇ ਬੋਲੇ ਬਾਇਡਨ : ਜੋ ਵੀ ਹੋਵੇਗਾ ਅਮਰੀਕਾ “ਜਵਾਬ” ਦੇਣ ਲਈ ਤਿਆਰ…

by jaskamal

ਨਿਊਜ਼ ਡੈਸਕ (ਜਸਕਮਲ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਦਾ ਖਦਸ਼ਾ ਹਾਲੇ ਵੀ ਬਣਿਆ ਹੋਇਆ ਹੈ ਤੇ ਅਮਰੀਕਾ ਹਮਲੇ ਦਾ 'ਨਿਰਣਾਇਕ' ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਨੇ ਮਾਸਕੋ ਨੂੰ ਯੁੱਧ ਨਾ ਛੇੜਨ ਦੀ ਬੇਨਤੀ ਕੀਤੀ। ਬਾਈਡੇਨ ਨੇ ਕਿਹਾ ਕਿ ਜੋ ਵੀ ਹੁੰਦਾ ਹੈ, ਉਸ ਲਈ ਅਮਰੀਕਾ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਯੂਰਪ ਵਿੱਚ ਸਥਿਰਤਾ ਅਤੇ ਸੁਰੱਖਿਆ 'ਚ ਸੁਧਾਰ ਲਿਆਉਣ ਲਈ ਰੂਸ ਤੇ ਆਪਣੇ ਸਹਿਯੋਗੀਆਂ ਨਾਲ ਕੂਟਨੀਤਕ ਤਰੀਕੇ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਰੂਸ ਦੇ 1,50,000 ਤੋਂ ਵੱਧ ਸੈਨਿਕ ਹੁਣ ਵੀ ਯੂਨੀਅਨ ਸਰਹੱਦ 'ਤੇ ਇਕੱਠੇ ਹਨ। 

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਰੂਸ ਆਉਣ ਵਾਲੇ ਦਿਨਾਂ ਜਾਂ ਹਫ਼ਤਿਆਂ 'ਚ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਯੂਕਰੇਨ ਲਈ ਮਨੁੱਖੀ ਨੁਕਸਾਨ ਬਹੁਤ ਜ਼ਿਆਦਾ ਹੋਵੇਗਾ ਤੇ ਰੂਸ ਲਈ ਸਾਮਰਿਕ ਨੁਕਸਾਨ ਬਹੁਤ ਜ਼ਿਆਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਰੂਸ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਪੂਰਾ ਅੰਤਰ-ਰਾਸ਼ਟਰੀ ਭਾਈਚਾਰਾ ਇਸ ਦੀ ਨਿੰਦਾ ਕਰੇਗਾ।

ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨ 'ਚ ਅਮਰੀਕੀ ਸੈਨਿਕਾਂ ਨੂੰ ਭੇਜਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਯੂਕਰੇਨ ਵਿੱਚ ਲੜਾਈ ਲਈ ਅਮਰੀਕੀ ਸੈਨਿਕਾਂ ਨੂੰ ਨਹੀਂ ਭੇਜਾਂਗਾ। ਅਸੀਂ ਯੂਕਰੇਨ ਦੀ ਸੈਨਾ ਨੂੰ ਦੇਸ਼ ਦੀ ਰੱਖਿਆ ਕਰਨ ਲਈ ਉਪਕਰਨ ਭੇਜੇ ਹਨ। ਅਮਰੀਕਾ ਪੂਰੀ ਤਾਕਤ ਨਾਲ ਨਾਟੋ ਖੇਤਰ ਦੀ ਇਕ-ਇਕ ਇੰਚ ਜ਼ਮੀਨ ਦੀ ਰੱਖਿਆ ਕਰੇਗਾ। ਬਾਈਡੇਨ ਨੇ ਕਿਹਾ ਕਿ ਅਮਰੀਕਾ ਤੇ ਨਾਟੋ ਰੂਸ ਲਈ ਖਤਰਾ ਨਹੀਂ ਹਨ। ਯੂਕਰੇਨ ਰੂਸ ਨੂੰ ਧਮਕਾ ਨਹੀਂ ਰਿਹਾ, ਨਾ ਹੀ ਅਮਰੀਕਾ ਤੇ ਨਾ ਹੀ ਨਾਟੋ ਕੋਲ ਯੂਕਰੇਨ 'ਚ ਮਿਜ਼ਾਈਲਾਂ ਹਨ। ਸਾਡੀ ਉੱਥੇ ਮਿਜ਼ਾਈਲਾਂ ਤਾਇਨਾਤ ਕਰਨ ਦੀ ਯੋਜਨਾ ਵੀ ਨਹੀਂ ਹੈ।