ਅਮਰੀਕਾ ਨੇ ਯੂਕਰੇਨ ਦੀ ਸਹਾਇਤਾ ਦਾ ਲਿਆ ਅਹਿਦ, ਰੂਸ ਨੂੰ ਦਿੱਤੀ ਵੱਡੀ ਚੇਤਾਵਨੀ

by jaskamal

ਨਿਊਜ਼ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਤੇ ਉਨ੍ਹਾਂ ਦੇ ਪੱਛਮੀ ਸਹਿਯੋਗੀਆਂ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਜਵਾਬ 'ਚ ਉਸ 'ਤੇ ਨਵੀਆਂ ਪਾਬੰਦੀਆਂ ਲਗਾਉਣ ਤੇ ਯੁੱਧ ਪ੍ਰਭਾਵਿਤ ਦੇਸ਼ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦਾ ਸੰਕਲਪ ਲਿਆ ਹੈ। ਇਹ ਸਹਾਇਤਾ, ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਮਜ਼ਬੂਤ ਮਿਲਟਰੀ ਸਹਾਇਤਾ ਦੀ ਮੰਗ ਨੂੰ ਪੂਰਾ ਨਹੀਂ ਕਰਦੀ। ਬਾਇਡੇਨ ਨੇ ਐਲਾਨ ਕੀਤੀ ਕਿ ਅਮਰੀਕਾ 1,00,000 ਯੂਕਰੇਨੀ ਸ਼ਰਨਾਰਥੀਆਂ ਦਾ ਸਵਾਗਤ ਕਰੇਗਾ ਤੇ ਭੋਜਨ, ਦਵਾਈ, ਪਾਣੀ ਤੇ ਹੋਰ ਸਪਲਾਈ ਲਈ 1 ਅਰਬ ਡਾਲਰ ਦੀ ਵਾਧੂ ਸਹਾਇਤਾ ਦੇਵੇਗਾ।

ਪੱਛਮੀ ਆਗੂਆਂ ਨੇ ਵੀਰਵਾਰ ਨੂੰ ਰੂਸ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਅਗਲੇਰੀ ਕਾਰਵਾਈ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਇਸ ਗੱਲ 'ਤੇ ਵੀ ਵਿਚਾਰ ਕੀਤਾ ਗਿਆ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਰਸਾਇਣਕ, ਜੈਵਿਕ ਜਾਂ ਪਰਮਾਣੂ ਹਥਿਆਰ ਦੀ ਤਾਇਨਾਤੀ ਕਰਨ ਦੀ ਸਥਿਤੀ ਵਿਚ ਕੀ ਕਾਰਵਾਈ ਕੀਤੀ ਜਾਵੇਗੀ।