ਰਾਸ਼ਟਰਪਤੀ ਬਾਈਡੇਨ ਵੱਲੋਂ ਅਮਰੀਕੀ ਕੰਪਨੀਆਂ ‘ਤੇ ਰੂਸੀ ਸਾਈਬਰ ਹਮਲਿਆਂ ਦੀ ਚਿਤਾਵਨੀ

by jaskamal

ਨਿਊਜ਼ ਡੈਸਕ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕੀ ਕੰਪਨੀਆਂ ਰੂਸੀ ਸਾਈਬਰ ਹਮਲਿਆਂ ਦੀ ਚਪੇਟ 'ਚ ਆ ਰਹੀਆਂ ਹਨ। ਬਾਈਡੇਨ ਨੇ ਕੰਪਨੀਆਂ ਨੂੰ ਆਪਣੇ ਡਿਜੀਟਲ ਲੌਕ ਰੱਖਣ ਦੀ ਅਪੀਲ ਕੀਤੀ ਹੈ। ਇਕ ਨਿੱਜੀ ਨਿਊਜ਼ ਏਜੰਸੀ ਨੇ ਮੰਗਲਵਾਰ ਨੂੰ ਇਹ ਰਿਪੋਰਟ ਦਿੱਤੀ। ਬਾਈਡੇਨ ਦੀ ਚੋਟੀ ਦੀ ਸਾਈਬਰ ਸੁਰੱਖਿਆ ਸਹਿਯੋਗੀ ਐਨੀ ਨਿਊਬਰਗਰ ਨੇ ਕਿਹਾ ਕਿ ਕੁਝ ਨਾਜ਼ੁਕ ਬੁਨਿਆਦੀ ਢਾਂਚੇ ਦੀਆਂ ਸੰਸਥਾਵਾਂ ਨੇ ਆਪਣੇ ਸੌਫਟਵੇਅਰ 'ਚ ਜਾਣੀਆਂ-ਪਛਾਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੰਘੀ ਏਜੰਸੀਆਂ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ, ਜਿਨ੍ਹਾਂ ਦਾ ਰੂਸੀ ਹੈਕਰਾਂ ਵੱਲੋਂ ਸ਼ੋਸ਼ਣ ਕੀਤਾ ਜਾ ਸਕਦਾ ਹੈ। 

ਸਾਈਬਰ ਸੁਰੱਖਿਆ ਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀ ਨੇ ਕੰਪਨੀਆਂ ਨੂੰ ਆਪਣੇ ਬਚਾਅ ਪੱਖ ਨੂੰ ਮਜ਼ਬੂਤ ਕਰਨ 'ਚ ਮਦਦ ਕਰਨ ਤੇ ਕੰਪਨੀਆਂ ਨੂੰ ਆਪਣੇ ਡਾਟਾ ਦਾ ਬੈਕਅਪ ਲੈਣ, ਮਲਟੀਫੈਕਟਰ ਪ੍ਰਮਾਣਿਕਤਾ ਨੂੰ ਚਾਲੂ ਕਰਨ ਤੇ ਸਾਈਬਰ ਸਫਾਈ ਨੂੰ ਬਿਹਤਰ ਬਣਾਉਣ ਲਈ ਹੋਰ ਕਦਮ ਚੁੱਕਣ ਸਬੰਧੀ ਇਕ ਸ਼ੀਲਡ ਅੱਪ ਮੁਹਿੰਮ ਸ਼ੁਰੂ ਕੀਤੀ ਹੈ। ਰਾਸ਼ਟਰਪਤੀ ਬਾਈਡੇਨ ਨੇ ਕਿਹਾ ਹੈ ਕਿ ਉਹ ਯੂਕਰੇਨ 'ਤੇ ਹਮਲੇ ਲਈ ਰੂਸ 'ਤੇ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਦੁਆਰਾ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੇ ਬਦਲੇ ਵਜੋਂ ਅਮਰੀਕੀ ਕੰਪਨੀਆਂ ਵਿਰੁੱਧ ਸਾਈਬਰ ਹਮਲੇ ਸ਼ੁਰੂ ਕਰ ਸਕਦੇ ਹਨ। ਰੂਸ ਨੂੰ ਹੈਕਿੰਗ ਪਾਵਰਹਾਊਸ ਵਜੋਂ ਜਾਣਿਆ ਜਾਂਦਾ ਹੈ। ਰੂਸ ਨੇ 2017 ਵਿੱਚ ਵਿਨਾਸ਼ਕਾਰੀ ਨੋਟਪੇਟੀਆ ਹਮਲਾ ਕੀਤਾ ਸੀ ਜੋ ਦੂਰ-ਦੂਰ ਤੱਕ ਫੈਲ ਗਿਆ ਸੀ ਅਤੇ ਵਿਸ਼ਵ ਪੱਧਰ 'ਤੇ ਇਸ ਨਾਲ 10 ਅਰਬ ਤੋਂ ਵੱਧ ਦਾ ਨੁਕਸਾਨ ਹੋਇਆ ਸੀ।