ਫੋਜ਼ ਵਾਪਿਸ ਸੱਦਣ ਦਾ ਫੈਸਲਾ ਇਕ ਦਮ ਸਹੀ : ਬਾਇਡਨ

by Vikram Sehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਤਾਲਿਬਾਨ ਵੱਲੋਂ ਕਬਜਾ ਕਰ ਲਏ ਜਾਣ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਉਣ ਦੇ ਬਾਵਜੂਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਕਹਿਣਾ ਹੈ ਕਿ ਅਮਰੀਕੀ ਫੌਜਾਂ ਨੂੰ ਉੱਥੋਂ ਬਾਹਰ ਕੱਢਣ ਦਾ ਫੈਸਲਾ ਬਿਲਕੁਲ ਸਹੀ ਹੈ।

ਬਾਇਡਨ ਨੇ ਆਖਿਆ ਕਿ ਉਨ੍ਹਾਂ ਨੂੰ ਦੋ ਵਿੱਚੋਂ ਇੱਕ ਫੈਸਲਾ ਕਰਨਾ ਪੈਣਾ ਸੀ ਜਾਂ ਤਾਂ ਉਹ ਪਹਿਲਾਂ ਤੋਂ ਹੋਏ ਫੈਸਲੇ ਮੁਤਾਬਕ ਇਸ ਸਾਲ ਅਮਰੀਕੀ ਫੌਜਾਂ ਨੂੰ ਵਾਪਿਸ ਸੱਦ ਲੈਂਦੇ ਤੇ ਜਾਂ ਫਿਰ ਹਜ਼ਾਰਾਂ ਸੈਨਿਕਾਂ ਨੂੰ ਤੀਜੇ ਦਹਾਕੇ ਦੇ ਸੰਘਰਸ਼ ਲਈ ਅਫਗਾਨਿਸਤਾਨ ਭੇਜ ਦਿੰਦੇ। ਹਾਲਾਤ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਦੀ ਨੁਕਤਾਚੀਨੀ ਦਰਮਿਆਨ ਬਾਇਡਨ ਨੇ ਆਖਿਆ ਕਿ ਉਨ੍ਹਾਂ ਵੱਲੋਂ ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦਿਆਂ ਊਨ੍ਹਾਂ ਨੂੰ ਨਾ ਦੁਹਰਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਇਹ ਵੀ ਆਖਿਆ ਕਿ ਇਸ ਸਬੰਧ ਵਿੱਚ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ।

ਕੈਂਪ ਡੇਵਿਡ ਤੋਂ ਪਰਤਣ ਤੋਂ ਬਾਅਦ ਵਾੲ੍ਹੀਟ ਹਾਊਸ ਤੋਂ ਟੀਵੀ ਰਾਹੀਂ ਜਨਤਾ ਨੂੰ ਸੰਬੋਧਨ ਕਰਦਿਆਂ ਬਾਇਡਨ ਨੇ ਆਖਿਆ ਕਿ 20 ਸਾਲਾਂ ਦੇ ਤਜਰਬੇ ਤੋਂ ਬਾਅਦ ਉਨ੍ਹਾਂ ਇਹ ਸਿੱਖਿਆ ਹੈ ਕਿ ਅਮਰੀਕੀ ਫੌਜਾਂ ਨੂੰ ਵਾਪਿਸ ਸੱਦਣ ਲਈ ਕਦੇ ਵੀ ਕੋਈ ਸਹੀ ਸਮਾਂ ਨਹੀਂ ਸੀ ਹੋਣਾ। ਬਾਇਡਨ ਦੇ ਇਸ ਫੈਸਲੇ ਤੋਂ ਕਈ ਅਸਹਿਮਤ ਹਨ। ਪਰ ਬਾਇਡਨ ਨੇ ਆਖਿਆ ਕਿ ਉਹ ਅਮਰੀਕੀ ਫੌਜ ਨੂੰ ਹਰ ਸਮੇਂ ਲਈ ਅਫਗਾਨਿਸਤਾਨ ਵਿੱਚ ਰੱਖਣ ਦੀ ਥਾਂ ਇਹ ਨੁਕਤਾਚੀਨੀ ਬਰਦਾਸ਼ਤ ਕਰ ਲੈਣਗੇ।

ਅਫਗਾਨਿਸਤਾਨ ਨੂੰ ਛੱਡਣਾ ਅਮਰੀਕਾ ਲਈ ਸਹੀ ਫੈਸਲਾ ਹੈ ਕਿਉਂਕਿ ਆਪਣੀਆਂ ਫੌਜਾਂ ਅਫਗਾਨਿਸਤਾਨ ਵਿੱਚ ਰੱਖਣਾ ਅਮਰੀਕਾ ਦੀ ਨੈਸ਼ਨਲ ਸਕਿਊਰਿਟੀ ਦੇ ਹਿਤਾਂ ਵਿੱਚ ਨਹੀਂ ਹੈ।ਉਨ੍ਹਾਂ ਇਹ ਵੀ ਆਖਿਆ ਕਿ ਅਮਰੀਕਾ ਅਫਗਾਨੀ ਲੋਕਾਂ ਦਾ ਸਮਰਥਨ ਕਰਦਾ ਰਹੇਗਾ, ਰੀਜਨਲ ਡਿਪਲੋਮੈਸੀ ਲਈ ਵੀ ਜੋ਼ਰ ਲਾਵੇਗਾ ਤੇ ਅਫਗਾਨੀ ਲੋਕਾਂ ਦੇ ਅਧਿਕਾਰਾਂ ਲਈ ਵੀ ਲੜੇਗਾ।