ਦੀਨਾਨਗਰ (ਰਾਘਵ): ਬਹਿਰਾਮਪੁਰ ਪੁਲਸ ਨੇ 2 ਨੌਜਵਾਨਾਂ ਨੂੰ 266 ਗ੍ਰਾਮ ਹੈਰੋਇਨ, ਇੱਕ ਪਿਸਤੌਲ, 2 ਮੈਗਜ਼ੀਨ, 8 ਜ਼ਿੰਦਾ ਕਾਰਤੂਸ ਅਤੇ 2100 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦੀਨਾਨਗਰ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਥਾਣਾ ਬਹਿਰਾਮਪੁਰ ਵਿਖੇ ਤਾਇਨਾਤ ਸਬ ਇੰਸਪੈਕਟਰ ਗੁਰਮੁਖ ਸਿੰਘ ਪੁਲਸ ਪਾਰਟੀ ਨਾਲ ਪਿੰਡ ਡਾਲਾ ਭੋਲਾ 'ਚ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਮੁਲਜ਼ਮ ਰਾਜਿੰਦਰ ਸਿੰਘ ਉਰਫ਼ ਜਿੰਦਰ ਪੁੱਤਰ ਲਖਬੀਰ ਸਿੰਘ ਵਾਸੀ ਅਬਲਖੈਰ ਅਤੇ ਸ਼ਰਨਜੀਤ ਸਿੰਘ ਉਰਫ਼ ਸ਼ਰਨ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਖਰਲਾ, ਕਾਰ ਨੰਬਰ ਪੀਬੀ- 07ਏਆਰ- 3236 ਵਿੱਚ ਸਵਾਰ ਸਨ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਜਦੋਂ ਸ਼ਰਨਜੀਤ ਸਿੰਘ ਉਰਫ਼ ਸ਼ਰਨ ਦੀ ਤਲਾਸ਼ੀ ਲਈ ਗਈ ਤਾਂ ਉਸਦੀ ਪੈਂਟ ਦੀ ਖੱਬੀ ਜੇਬ ਵਿੱਚੋਂ ਮਿਲੇ ਇੱਕ ਲਿਫਾਫੇ ਵਿੱਚੋਂ 266 ਗ੍ਰਾਮ ਡਰੱਗ ਮਨੀ ਅਤੇ ਸੱਜੀ ਜੇਬ ਵਿੱਚੋਂ 2100 ਰੁਪਏ ਨਕਦੀ ਬਰਾਮਦ ਹੋਈ।
ਮੁਲਜ਼ਮ ਰਜਿੰਦਰ ਸਿੰਘ ਉਰਫ਼ ਜਿੰਦਰਾ ਦੀ ਕਾਰ ਦੀ ਤਲਾਸ਼ੀ ਦੌਰਾਨ ਕਾਰ ਦੇ ਡੈਸ਼ਬੋਰਡ ਵਿੱਚੋਂ ਇੱਕ ਪਿਸਤੌਲ ਜਿਸ 'ਤੇ ਮੇਡ ਇਨ ਇਟਲੀ ਲਿਖਿਆ ਹੋਇਆ ਸੀ, 2 ਮੈਗਜ਼ੀਨ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਸ 'ਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮਾਮਲਾ ਦਰਜ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।



