ਜਲੰਧਰ (ਰਾਘਵ): ਪੰਜਾਬ ਸਰਕਾਰ ਵੱਲੋਂ ਅਪਰਾਧਕ ਗਤੀਵਿਧੀਆਂ 'ਤੇ ਨਕੇਲ ਕੱਸਣ ਲਈ ਚਲਾਈ ਗਈ ਖ਼ਾਸ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਸ ਜਲੰਧਰ ਨੇ ਸੀ. ਪੀ. ਜਲੰਧਰ ਧਨਪ੍ਰੀਤ ਕੌਰ, ਆਈ. ਪੀ. ਐੱਸ. ਦੀ ਅਗਵਾਈ ਹੇਠ ਅਤੇ ਮਨਪ੍ਰੀਤ ਸਿੰਘ ਢਿੱਲੋਂ (ਡੀ. ਸੀ. ਪੀ ਇਨਵੈਸਟਿਗੇਸ਼ਨ), ਜਯੰਤ ਪੁਰੀ (ਏ. ਡੀ. ਸੀ. ਪੀ ਇਨਵੈਸਟਿਗੇਸ਼ਨ) ਅਤੇ ਪਰਮਜੀਤ ਸਿੰਘ (ਏ. ਡੀ. ਸੀ. ਪੀ) ਦੀ ਨਿਗਰਾਨੀ ਹੇਠ ਇਕ ਵੱਡੀ ਕਾਰਵਾਈ ਕੀਤੀ। ਸੀ. ਆਈ. ਏ. ਸਟਾਫ਼ ਜਲੰਧਰ ਨੇ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਸਫ਼ਲਤਾਪੂਰਵਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ 1.5 ਕਿਲੋਗ੍ਰਾਮ ਹੈਰੋਇਨ, 7 ਗੈਰ-ਕਾਨੂੰਨੀ ਹਥਿਆਰ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੀ. ਪੀ. ਜਲੰਧਰ ਨੇ ਪਹਿਲਾ ਦੱਸਿਆ ਸੀ ਕਿ 21 ਜੁਲਾਈ ਨੂੰ ਉਨ੍ਹਾਂ ਨੇ ਮੁੱਕਦਮਾ ਨੰਬਰ 115 ਮਿਤੀ 18 ਜੁਲਾਈ ਅਧੀਨ ਧਾਰਾ 21C/29/61/85 ਐੱਨ. ਡੀ. ਪੀ. ਐੱਸ. ਐਕਟ ਅਤੇ 25-(1B)-54-59 ਆਰਮਜ਼ ਐਕਟ ਥਾਣਾ ਕੈਂਟ ਜਲੰਧਰ ਵਿੱਚ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ ਸੀ। ਮੁਲਜ਼ਮ ਵਿਨੇ ਕੁਮਾਰ ਉਰਫ਼ ਮਿੱਠੂ ਪੁੱਤਰ ਆਸ਼ੀਸ਼ ਪਾਲ ਵਾਸੀ ਮਕਾਨ ਨੰਬਰ 9 ਗੁਰੂ ਨਾਨਕ ਨਗਰ ਜਲੰਧਰ ਅਤੇ ਮੇਜਰ ਸਿੰਘ ਉਰਫ਼ ਮੇਜਰ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰਬਰ 357/6, ਸ਼ਹੀਦ ਬਾਬੂ ਲਾਭ ਸਿੰਘ ਨਗਰ, ਬਸਤੀ ਬਾਵਾ ਖੇਲ, ਜਲੰਧਰ ਸਨ। ਇਨ੍ਹਾਂ ਨੂੰ 1 ਕਿਲੋ ਹੈਰੋਇਨ ਅਤੇ ਦੋ ਪਿਸਤੌਲ (.32 ਬੋਰ) ਦੇ ਨਾਲ ਦੋ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਹੋਰ ਜਾਂਚ ਦੌਰਾਨ 6 ਅਗਸਤ ਨੂੰ ਦੋਸ਼ੀ ਕੁਲਵਿੰਦਰ ਸਿੰਘ ਉਰਫ਼ ਰਾਜਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਕਬੀਰ ਨਗਰ ਜਲੰਧਰ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਹਰਜਿੰਦਰ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੁਲਵਿੰਦਰ ਸਿੰਘ ਉਰਫ਼ ਰਾਜਾ ਤੋਂ ਪੁਲਸ ਨੇ 300 ਗ੍ਰਾਮ ਹੈਰੋਇਨ 2 ਪਿਸਤੌਲ (.32 ਬੋਰ ਅਤੇ .315 ਬੋਰ) ਸਮੇਤ 2 ਜ਼ਿੰਦਾ ਕਾਰਤੂਸਾਂ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਤੋਂ 200 ਗ੍ਰਾਮ ਹੈਰੋਇਨ 2 ਪਿਸਤੌਲ (.32 ਬੋਰ) ਸਮੇਤ 1 ਜ਼ਿੰਦਾ ਕਾਰਤੂਸਾਂ ਬਰਾਮਦ ਕੀਤੇ। ਮਿਤੀ 11 ਅਗਸਤ ਨੂੰ ਦੋਸ਼ੀ ਗਗਨਦੀਪ ਸਿੰਘ ਉਰਫ਼ ਬਾਬਾ ਪੁੱਤਰ ਅਮਰਜੀਤ ਸਿੰਘ ਵਾਸੀ ਮੁਹੱਲਾ ਕਰਾਰ ਖਾ ਜਲੰਧਰ ਜੋਕਿ ਮੌਜੂਦਾ ਸਮੇਂ ਗੋਪਾਲ ਨਗਰ ਨੇੜੇ ਰਵਿਦਾਸ ਮੰਦਰ ਜਲੰਧਰ ਨੂੰ 1 ਪਿਸਤੌਲ (.32 ਬੋਰ) ਅਤੇ 2 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਸੀ. ਪੀ. ਨੇ ਕਿਹਾ ਕਿ ਸਾਰੇ ਦੋਸ਼ੀ ਆਦਤਨ ਅਤੇ ਲੋੜੀਂਦੇ ਅਪਰਾਧੀ ਹਨ। ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਿਰੁੱਧ ਅਪਰਾਧਿਕ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਪੰਜ ਮੁਕੱਦਮੇ ਦਰਜ ਹਨ। ਕੁਲਵਿੰਦਰ ਸਿੰਘ ਉਰਫ਼ ਰਾਜਾ ਅਤੇ ਗਗਨਦੀਪ ਸਿੰਘ ਉਰਫ਼ ਬਾਬਾ ਵਿਰੁੱਧ ਇਕ-ਇਕ ਮੁਕੱਦਮਾ ਦਰਜ ਹੈ। ਸਾਰੇ ਮੁਲਜ਼ਮ ਇਸ ਸਮੇਂ ਪੁਲਸ ਰਿਮਾਂਡ 'ਤੇ ਹਨ ਅਤੇ ਉਨ੍ਹਾਂ ਦੇ ਪੂਰੇ ਅਪਰਾਧਿਕ ਨੈੱਟਵਰਕ ਦਾ ਪਰਦਾਫ਼ਾਸ਼ ਕਰਨ ਲਈ ਹੋਰ ਪੁੱਛਗਿੱਛ ਜਾਰੀ ਹੈ।



