ਪੰਜਾਬ ਦੇ ਆਂਗਣਵਾੜੀ ਕੇਂਦਰਾਂ ਵਿੱਚ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ

by nripost

ਚੰਡੀਗੜ੍ਹ (ਰਾਘਵ): ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਯਤਨਾਂ ਸਦਕਾ ਆਂਗਣਵਾੜੀ ਸੈਂਟਰਾਂ ਵਿਚ ਵੀ ਹੁਣ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਗਰਮੀ ਤੇ ਸਰਦੀ ਦੀਆਂ ਛੁੱਟੀਆਂ ਹੋਇਆ ਕਰਨਗੀਆਂ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅੱਜ ਜਾਰੀ ਇਕ ਪੱਤਰ ਵਿੱਚ ਇਹ ਅੰਕਿਤ ਕੀਤਾ ਗਿਆ ਹੈ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਯੂਨੀਅਨ ਦਾ ਵਫ਼ਦ ਵਿਭਾਗ ਦੀ ਡਾਇਰੈਕਟਰ ਸ਼ੀਨਾ ਅਗਰਵਾਲ ਨੂੰ ਮਿਲਿਆ ਸੀ ਅਤੇ ਮੰਗ ਕੀਤੀ ਸੀ ਕਿ ਆਂਗਣਵਾੜੀ ਸੈਂਟਰਾਂ ਵਿੱਚ ਵੀ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਛੁੱਟੀਆਂ ਕੀਤੀਆਂ ਜਾਣ। ਹੁਣ ਪੰਜਾਬ ਵਿੱਚ ਚੱਲ ਰਹੇ ਲਗਪਗ 27 ਹਜ਼ਾਰ ਆਂਗਣਵਾੜੀ ਸੈਂਟਰਾਂ ਵਿੱਚ 2 ਤੋਂ 30 ਜੂਨ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਪਹਿਲਾਂ ਵਾਂਗ ਆਨਲਾਈਨ ਕੰਮ ਕਰਦੀਆਂ ਰਹਿਣਗੀਆਂ।