
ਚੰਡੀਗੜ੍ਹ (ਰਾਘਵ): ਪੰਜਾਬ ਸਰਕਾਰ ਦੀ ਕੈਬਨਿਟ ਸਬ-ਕਮੇਟੀ ਨੇ ਅੱਜ 8 ਵੱਖ-ਵੱਖ ਮੁਲਾਜ਼ਮ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀ ਤਾਂ ਜੋ ਉਨ੍ਹਾਂ ਦੇ ਜਾਇਜ਼ ਮੁੱਦਿਆਂ 'ਤੇ ਚਰਚਾ ਕਰਦਿਆਂ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ। ਮੀਟਿੰਗ ਵਿਚ ਹਿੱਸਾ ਲੈਣ ਵਾਲੀਆਂ ਮੁਲਾਜ਼ਮ ਯੂਨੀਅਨਾਂ ਵਿਚ 'ਬੇਰੁਜ਼ਗਰ ਸਾਂਝਾ ਮੋਰਚਾ ਪੰਜਾਬ', '3704 ਅਧਿਆਪਕ ਯੂਨੀਅਨ', 'ਮੈਰੀਟੋਰੀਅਸ ਟੀਚਰਜ਼ ਯੂਨੀਅਨ', 'ਏ.ਆਈ.ਈ ਕੱਚੇ ਅਧਿਆਪਕ ਯੂਨੀਅਨ ਸੈਸ਼ਨ 2012-14', '10 ਸਾਲ ਸੇਵਾ ਪੂਰੀ ਕਰ ਚੁਕੇ ਕੱਚੇ ਅਧਿਆਪਕ ਯੂਨੀਅਨ', 'ਬੇਰੁਜ਼ਗਰ 646, ਪੀਟੀਆਈ (2011) ਅਧਿਆਪਕ ਯੂਨੀਅਨ', 'ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ' ਅਤੇ 'ਆਲ ਪੰਜਾਬ ਡੀਐੱਸਟੀ/ਸੀਟੀਐੱਸ ਕੰਟਰੈਕਟ/ਗੈਸਟ ਫੈਕਲਟੀ ਇੰਸਟ੍ਰਕਟਰ ਯੂਨੀਅਨ' ਸ਼ਾਮਲ ਸਨ।
ਲਗਭਗ 3 ਘੰਟੇ ਤੱਕ ਚੱਲੀਆਂ ਇਨ੍ਹਾਂ ਮੀਟਿੰਗਾਂ ਦੌਰਾਨ ਪੰਜਾਬ ਸਰਕਾਰ ਨੇ ਯੂਨੀਅਨ ਆਗੂਆਂ ਨਾਲ ਵਿਸਥਾਰ ਵਿਚ ਚਰਚਾ ਕੀਤੀ ਅਤੇ ਸਬੰਧਤ ਅਧਿਕਾਰੀਆਂ ਤੋਂ ਯੂਨੀਅਨਾਂ ਦੇ ਮੁੱਦਿਆਂ ਬਾਰੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ। ਉਨ੍ਹਾਂ ਅਧਿਕਾਰੀਆਂ ਨੂੰ ਮੁਲਾਜ਼ਮ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਮੁੱਦਿਆਂ 'ਤੇ ਗੰਭੀਰ ਕਾਰਵਾਈ ਲਈ ਯੂਨੀਅਨ ਆਗੂਆਂ ਨੇ ਕੈਬਨਿਟ ਦੀ ਸਬ ਕਮੇਟੀ ਦਾ ਧੰਨਵਾਦ ਕੀਤਾ ਅਤੇ ਖੁਸ਼ਗਵਾਰ ਮਾਹੌਲ ਵਿਚ ਹੋਈਆਂ ਮੀਟਿੰਗਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਲੰਬਿਤ ਮੁੱਦਿਆਂ ਦਾ ਜਲਦੀ ਹੱਲ ਹੋਵੇਗਾ ਅਤੇ ਸਬੰਧਤ ਮੁਲਾਜ਼ਮਾਂ ਨੂੰ ਲੋੜੀਂਦੀ ਰਾਹਤ ਮਿਲੇਗੀ।
ਮੰਤਰੀ ਨੇ ਕਰਮਚਾਰੀ ਸੰਗਠਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਇੰਨ੍ਹਾਂ ਨੂੰ ਨਿਰਪੱਖ ਅਤੇ ਸਮੇਂ ਸਿਰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਮੀਟਿੰਗਾਂ ਹਾਂ-ਪੱਖੀ ਮਾਹੌਲ ਵਿੱਚ ਸਮਾਪਤ ਹੋਈਆਂ ਅਤੇ ਮੁਲਾਜ਼ਮ ਜਥੇਬੰਦੀਆਂ ਵਿੱਚ ਆਸ ਦੀ ਭਾਵਨਾ ਸੀ ਕਿ ਉਨ੍ਹਾਂ ਦੇ ਮੁੱਦਿਆਂ ਦਾ ਜਲਦੀ ਹੱਲ ਕੀਤਾ ਜਾਵੇਗਾ। ਮੀਟਿੰਗ ਵਿੱਚ 'ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ' ਤੋਂ ਕਨਵੀਨਰ ਜਸਵੰਤ ਸਿੰਘ ਘੁਬਾਇਆ, ਰਮਨ ਕੁਮਾਰ ਮਲੋਟ ਤੇ ਹਰਜਿੰਦਰ ਸਿੰਘ ਝੁਨੀਰ, '3704 ਅਧਿਆਪਕ ਯੂਨੀਅਨ' ਤੋਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ, ਯਾਦਵਿੰਦਰ ਸਿੰਘ, ਜਗਜੀਵਨਜੋਤ ਸਿੰਘ, 'ਮੈਰੀਟੋਰੀਅਸ ਟੀਚਰਜ਼ ਯੂਨੀਅਨ' ਤੋਂ ਸੀਨੀਅਰ ਮੀਤ ਪ੍ਰਧਾਨ ਡਾ: ਟੀਨਾ, ਡਾ: ਅਜੇ ਸ਼ਰਮਾ ਤੇ ਦਵਿੰਦਰ ਸਿੰਘ, 'ਏ.ਆਈ.ਈ ਕੱਚੇ ਅਧਿਆਪਕ ਯੂਨੀਅਨ ਸੈਸ਼ਨ 2012-14' ਤੋਂ ਸੂਬਾ ਪ੍ਰਧਾਨ ਤਜਿੰਦਰ ਕੌਰ ਤੇ ਮੰਜੂ ਸ਼ਰਮਾ, '10 ਸਾਲ ਸੇਵਾ ਪੂਰੀ ਕਰ ਚੁਕੇ ਕੱਚੇ ਅਧਿਆਪਕ ਯੂਨੀਅਨ' ਤੋਂ ਸੂਬਾ ਪ੍ਰਧਾਨ ਜਸਪਾਲ ਸਿੰਘ ਅਤੇ ਜਨਰਲ ਸਕੱਤਰ ਬਲਜਿੰਦਰ ਮੁਕਤਸਰ, 'ਬੇਰੂਜ਼ਗਰ 646, ਪੀਟੀਆਈ (2011) ਅਧਿਆਪਕ ਯੂਨੀਅਨ' ਤੋਂ ਗੁਰਲਾਭ ਸਿੰਘ, ਸੀ.ਪੀ.ਸ਼ਰਮਾ ਅਤੇ ਵਕੀਲ ਰਾਮ, 'ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ' ਤੋਂ ਮੱਖਣ ਸਿੰਘ ਵਾਹਿਦਪੁਰੀ ਤੇ ਬਲਜਿੰਦਰ ਸਿੰਘ, ਅਤੇ 'ਆਲ ਪੰਜਾਬ ਡੀਐਸਟੀ/ਸੀਟੀਐਸ ਕੰਟਰੈਕਟ/ਗੈਸਟ ਫੈਕਲਟੀ ਇੰਸਟ੍ਰਕਟਰ ਯੂਨੀਅਨ' ਤੋਂ ਸੰਦੀਪ ਸਿੰਘ, ਕਿਰਨਦੀਪ ਸਿੰਘ ਅਤੇ ਨੀਨਾ ਰਾਣੀ ਨੇ ਯੂਨੀਅਨਾਂ ਦਾ ਪੱਖ ਪੇਸ਼ ਕੀਤਾ।