ਵੱਡੀ ਵਾਰਦਾਤ : 5 ਹਜ਼ਾਰ ਰੁਪਏ ਲਈ ਦੁਕਾਨਦਾਰ ਦਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਪਿੰਡ ਬਸਤੀ ਗੂੰਜਾਂ ਦੇ ਮੇਨ ਬਾਜ਼ਾਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੁਕਾਨਦਾਰ ਦਾ 3 ਨੌਜਵਾਨਾਂ ਵਲੋਂ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਦੁਕਾਨ ਦੇ ਦਰਾਜ 'ਚੋ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੇ ਚਿਹਰੇ CCTV ਕੈਮਰੇ ਵਿੱਚ ਕੈਦ ਹੋ ਗਏ ਹਨ, ਜਿਸ ਦੇ ਆਧਾਰ 'ਤੇ ਪੁਲਿਸ ਵਲੋਂ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਰਮਜੀਤ ਵਾਸੀ ਮੇਨ ਬਾਜ਼ਾਰ ,ਜਿਸ ਦੀ ਆਪਣੇ ਘਰ ਹੇਠਾਂ ਕਰਿਆਨੇ ਦੀ ਦੁਕਾਨ ਹੈ। ਉਸ ਨੇ ਸਵੇਰੇ ਜਦੋ ਆਪਣੀ ਦੁਕਾਨ ਖੋਲ੍ਹੀ ਤਾਂ 3 ਨੌਜਵਾਨਾਂ ਨੇ ਉਸ ਦੀ ਦੁਕਾਨ 'ਤੇ ਆ ਕੇ ਚਾਕੂਆਂ ਨਾਲ ਹਮਲਾ ਕਰ ਦਿੱਤਾ।

ਨੌਜਵਾਨ 'ਤੇ ਹਮਲਾ ਕਰਨ ਤੋਂ ਬਾਅਦ ਦੋਸ਼ੀ ਦੁਕਾਨ ਦੇ ਦਰਾਜ 'ਚ ਪਏ 5 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਪਰਮਜੀਤ ਦੀ ਆਵਾਜ਼ ਸੁਣਕੇ ਉਸ ਦੀ ਪਤਨੀ ਸੁਨੀਤਾ ਨੇ ਆ ਕੇ ਦੇਖਿਆ ਤਾਂ ਉਸ ਦਾ ਪਤੀ ਖੂਨ ਨਾਲ ਲਖਪੱਖ ਜ਼ਮੀਨ 'ਤੇ ਡਿੱਗਿਆ ਹੋਇਆ ਸੀ। ਲੋਕਾਂ ਵਲੋਂ ਜਖ਼ਮੀ ਹਾਲਤ ਵਿੱਚ ਪਰਮਜੀਤ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਉੱਥੇ ਹੀ ਇਲਾਕਾ ਵਾਸੀਆਂ ਨੇ ਕਿਹਾ ਕਿ ਨਸ਼ੇੜੀ ਨੌਜਵਾਨਾਂ ਵਲੋਂ ਲਗਾਤਾਰ ਹੀ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਦਾ ਮਾਹੌਲ ਕਾਫੀ ਖ਼ਰਾਬ ਹੈ ।