ਸੰਗਰੂਰ (ਰਾਘਵ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਇਹ ਤਰਜੀਹ ਹੈ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਲੋਕਾਂ ਨੂੰ ਇੱਕੋ ਛੱਤ ਥੱਲੇ ਜਲਦ ਤੋਂ ਜਲਦ ਵੱਧ ਤੋਂ ਵੱਧ ਸੇਵਾਵਾਂ ਮਿਲ ਸਕਣ। ਇਸ ਦਿਸ਼ਾ ’ਚ ਕੰਮ ਕਰਦਿਆਂ ਖੇਤਰੀ ਟਰਾਂਸਪੋਰਟ ਅਫ਼ਸਰ, ਸੰਗਰੂਰ ਦਾ ਦਫਤਰ ਜਿਹੜਾ ਕਿ ਡਰਾਈਵਿੰਗ ਲਾਇਸੈਂਸ ਟੈਸਟਿੰਗ ਟਰੈਕ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ, ਨੂੰ ਮੁੜ ਮਿੰਨੀ ਸਕੱਤਰੇਤ ਵਿਖੇ ਪਹਿਲਾਂ ਵਾਲੀ ਥਾਂ ’ਤੇ ਹੀ ਤਬਦੀਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਕੰਮ ਪਹਿਲਾਂ ਦੀ ਤਰ੍ਹਾਂ ਮਿੰਨੀ ਸਕੱਤਰੇਤ ਸਥਿਤ ਦਫ਼ਤਰ ਵਿਚ ਹੀ ਹੋ ਜਾਇਆ ਕਰਨਗੇ।
ਇਹ ਗੱਲ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮਿਨੀ ਸਕੱਤਰੇਤ ਵਿਖੇ ਆਰ.ਟੀ.ਓ. ਦਫਤਰ ਦਾ ਦੌਰਾ ਕਰਨ ਮੌਕੇ ਆਖੀ। ਉਨ੍ਹਾਂ ਦੱਸਿਆ ਕਿ ਹਲਕਾ ਸੰਗਰੂਰ ਸਮੇਤ ਪੂਰੇ ਜ਼ਿਲੇ ਦੇ ਲੋਕਾਂ ਵੱਲੋਂ ਇਹ ਗੱਲ ਧਿਆਨ ’ਚ ਲਿਆਂਦੀ ਜਾ ਰਹੀ ਸੀ ਕਿ ਮਿੰਨੀ ਸਕੱਤਰੇਤ ਤੋਂ ਦਫਤਰ ਤਬਦੀਲ ਹੋਣ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਰਪੇਸ਼ ਹਨ ਕਿਉਂਕਿ ਮਿੰਨੀ ਸਕੱਤਰੇਤ ਦੇ ਬੱਸ ਅੱਡਾ ਬਿਲਕੁਲ ਨਾਲ ਹੈ ਅਤੇ ਜ਼ਿਲੇ ’ਚੋਂ ਕੋਈ ਵੀ ਵਿਅਕਤੀ ਬੱਸ ਚੜ੍ਹ ਕੇ ਇਥੇ ਸੌਖੇ ਢੰਗ ਨਾਲ ਪੁੱਜ ਕੇ ਆਪਣੇ ਕੰਮ ਕਰਵਾ ਸਕਦਾ ਹੈ ਅਤੇ ਹੋਰ ਥਾਂ ਜਾਣ ਲਈ ਲੋਕਾਂ ਨੂੰ ਬੱਸ ਅੱਡੇ ਤੋਂ ਅੱਗੇ ਹੋਰ ਸਾਧਨ ਲੈਣਾ ਪੈਂਦਾ ਸੀ।
ਭਰਾਜ ਨੇ ਕਿਹਾ ਕਿ ਇਸ ਮੁਸ਼ਕਿਲ ਦੇ ਹੱਲ ਲਈ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਆਰ.ਟੀ.ਓ. ਨਮਨ ਮੜਕਣ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਤੇ ਮੁੜ ਦਫਤਰ ਨੂੰ ਮਿਨੀ ਸਕੱਤਰੇਤ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਇਸ ਮੌਕੇ ਆਰ. ਟੀ. ਓ. ਨਮਨ ਮੜਕਣ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਦੇ ਨਿਰਦੇਸ਼ਾਂ ਅਨੁਸਾਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਦਫ਼ਤਰ ਨੂੰ ਮੁੜ ਮਿਨੀ ਸਕੱਤਰੇਤ ਵਿਖੇ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਘੱਟ ਤੋਂ ਘੱਟ ਸਮੇਂ ’ਚ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਦਿੱਤਾ ਜਾਵੇ। ਇਸ ਮੌਕੇ ਆਪਣੇ ਕੰਮਾਂ ਲਈ ਦਫ਼ਤਰ ਪੁੱਜੇ ਲੋਕਾਂ ਵੱਲੋਂ ਹਲਕਾ ਵਿਧਾਇਕ ਭਰਾਜ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖੋ ਵੱਖ ਅਹੁਦੇਦਾਰ, ਪਤਵੰਤੇ ਅਤੇ ਆਮ ਲੋਕ ਹਾਜ਼ਰ ਸਨ।



