ਪੰਜਾਬ ਦੇ ਵਪਾਰੀਆਂ ਲਈ ਵੱਡੀ ਖ਼ਬਰ

by nripost

ਪਟਿਆਲਾ (ਰਾਘਵ): ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਨਾਭਾ ਵਿਖੇ ਮਹਾਰਾਜਾ ਅਗਰਸੈਨ ਸਮਾਰਕ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਲਈ ਸੂਬਾ ਪੱਧਰ 'ਤੇ ਹਰ ਜ਼ਿਲ੍ਹੇ ਵਿਚ ਬੋਰਡ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿਰਫ਼ ਵੱਡੀਆਂ ਇੰਡਸਟਰੀਆਂ ਬਾਰੇ ਹੀ ਸੋਚਦੀ ਹੈ ਅਤੇ ਛੋਟੇ ਵਾਪਰੀਆਂ ਦੀ ਕੋਈ ਸਾਰ ਨਹੀਂ ਲੈਂਦਾ।

ਛੋਟੇ ਵਪਾਰੀਆਂ ਨੂੰ ਲੈ ਕੇ ਉਨ੍ਹਾਂ ਵੱਡਾ ਐਲਾਨ ਕਰਦੇ ਕਿਹਾ ਕਿ ਪੰਜਾਬ ਵਿਚ ਹਰ ਜ਼ਿਲ੍ਹੇ ਵਿਚ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਲਈ ਇਕ ਬੋਰਡ ਬਣਾਇਆ ਜਾਵੇਗਾ, ਜਿਸ ਕੋਲ ਵਪਾਰੀ ਆਪਣੀ ਹਰ ਸਮੱਸਿਆ ਨੂੰ ਲੈ ਕੇ ਜਾਣਗੇ ਅਤੇ ਬੋਰਡ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇਗਾ। ਬੋਰਡ ਹਰ ਵਪਾਰੀ ਨੂੰ ਸੁਰੱਖਿਆ ਅਤੇ ਸਨਮਾਨ ਦੇਣ ਦਾ ਕੰਮ ਕਰੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਵਪਾਰੀ ਨੂੰ ਕੋਈ ਵਿਧਾਇਕ, ਅਫ਼ਸਰ ਜਾਂ ਆਗੂ ਪਰੇਸ਼ਾਨ ਕਰਦਾ ਹੈ ਤਾਂ ਉਸ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਵਪਾਰੀਆਂ ਨੂੰ ਈਮਾਨਦਾਰੀ ਨਾਲ ਕੰਮ ਕਰਨ ਦੀ ਗੱਲ ਆਖੀ ਅਤੇ ਕਿਹਾ ਕਿ ਗਾਹਕ ਦੇ ਨਾਲ ਕਦੇ ਬੇਈਮਾਨੀ ਨਾ ਕਰੋ।

ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨੇ ਵੀ ਸਾਧੇ। ਉਨ੍ਹਾਂ ਤਿੱਖੇ ਸ਼ਬਦੀ ਹਮਲੇ ਕਰਦਿਆਂ ਨਸ਼ੇ ਦੇ ਮੁੱਦੇ 'ਤੇ ਬੋਲਦੇ ਕਿਹਾ ਕਿ ਪੰਜਾਬ ਵਿਚ ਪਿਛਲੀਆਂ ਸਰਕਾਰਾਂ ਦੌਰਾਨ ਨਸ਼ਾ ਵਧਿਆ ਹੈ। ਇਕ ਖ਼ੁਸ਼ਹਾਲ ਪੰਜਾਬ ਨੂੰ ਪਿਛਲੀਆਂ ਸਰਕਾਰਾਂ ਨੇ ਨਸ਼ੇ ਨਾਲ ਤਬਾਹ ਕੀਤਾ। ਸਰਕਾਰੀ ਪੁਸ਼ਤ ਪਨਾਹੀ 'ਚ ਪੰਜਾਬ ਵਿਚ ਨਸ਼ਾ ਵਿਕਦਾ ਰਿਹਾ ਸੀ। ਛੋਟੇ-ਛੋਟੇ ਬੱਚੇ ਵੀ ਨਸ਼ੇ ਦੇ ਜਾਲ ਵਿਚ ਫਸੇ ਹਨ। ਉਥੇ ਹੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਜੋ ਸਖ਼ਤ ਐਕਸ਼ਨ ਲਏ ਜਾ ਰਹੇ ਹਨ, ਉਨ੍ਹਾਂ ਦਾ ਜ਼ਿਕਰ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਹੁਣ ਕਈ ਪਿੰਡ 100 ਫ਼ੀਸਦੀ ਨਸ਼ਾ ਮੁਕਤ ਹੋਏ ਹਨ।