
ਪਟਿਆਲਾ (ਰਾਘਵ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਤਿਆਰ ਹੈ। ਇਸ ਲਈ ਯੂਨੀਵਰਸਿਟੀ ਆਉਣ ਵਾਲੇ ਸਮੇਂ ’ਚ ਚੱਲ ਰਹੇ ਸਿਲੇਬਸਾਂ ਨੂੰ ਅਪਡੇਟ ਕਰ ਸਕਦੀ ਹੈ। ਪੀ. ਯੂ. ਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਦਾ ਵਿਜ਼ਨ ਹੈ ਕਿ ਵਿਦਿਆਰਥੀ ਇਥੋਂ ਪੜ੍ਹ ਕੇ ਜਾਣ ਤੇ ਉਨ੍ਹਾਂ ਨੂੰ ਇਥੇ ਨੌਕਰੀ ਮਿਲੇ ਅਤੇ ਸਾਡਾ ਪੜ੍ਹਾਇਆ ਸਫਲ ਹੋ ਜਾਵੇ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਆਖਿਆ ਕਿ ਅੱਜ ਸਮਾਂ ਬਹੁਤ ਅੱਗੇ ਚਲਾ ਗਿਆ ਹੈ। ਇੰਡਸਟਰੀ ਨਵੀਆਂ-ਨਵੀਆਂ ਤਕਨੀਕਾਂ ਲੈ ਕੇ ਆ ਰਹੀ ਹੈ। ਵਾਈਸ ਚਾਂਸਲਰ ਨੇ ਆਪਣੀਆਂ ਤਰਜੀਹਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੀ ਇਹ ਲੋੜ ਹੈ ਕਿ ਵਿੱਦਿਅਕ ਸੰਸਥਾਵਾਂ ਦੇ ਵੱਖ-ਵੱਖ ਕੋਰਸਾਂ ਨੂੰ ਸਬੰਧਤ ਇੰਡਸਟਰੀ ਨਾਲ ਬਰ ਮੇਚ ਕੇ ਚਲਾਇਆ ਜਾਵੇ ਤਾਂ ਕਿ ਜ਼ਮੀਨੀ ਅਤੇ ਵਿਹਾਰਕ ਪੱਧਰ ’ਤੇ ਇੰਡਸਟਰੀ ਦੀਆਂ ਲੋੜਾਂ ਸਮਝ ਕੇ ਉਸ ਅਨੁਸਾਰ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਦਿਸ਼ਾ ’ਚ ਕਾਰਜ ਕਰਨ ਲਈ ਸਬੰਧਤ ਇੰਡਸਟਰੀ ਦੇ ਪ੍ਰਤੀਨਿਧੀਆਂ ਨੂੰ ਬੋਰਡ ਆਫ ਸਟੱਡੀਜ਼ ’ਚ ਸ਼ਾਮਲ ਕੀਤਾ ਜਾਵੇਗਾ ਤਾਂ ਕਿ ਪਾਠਕ੍ਰਮ ਨੂੰ ਵਿਉਂਤਣ ਸਮੇਂ ਉਨ੍ਹਾਂ ਦੀ ਪੇਸ਼ੇਵਰ ਸਲਾਹ ਦਾ ਲਾਭ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਵਿੱਦਿਅਕ ਅਦਾਰਿਆਂ ਅਤੇ ਸਬੰਧਤ ਇੰਡਸਟਰੀ ਦਰਮਿਆਨ ਖੱਪਿਆਂ ਨੂੰ ਪੂਰ ਕੇ ਅਜਿਹਾ ਸਿਲੇਬਸ ਤਿਆਰ ਹੋ ਸਕਦਾ ਹੈ, ਜਿਸ ਦੀ ਪੜ੍ਹਾਈ ਉਪਰੰਤ ਵਿਦਿਆਰਥੀਆਂ ਨੂੰ ਰੋਜ਼ਗਾਰ ਹਾਸਲ ਕਰਨ ’ਚ ਕੋਈ ਮੁਸ਼ਕਿਲ ਪੇਸ਼ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਵੱਖ-ਵੱਖ ਕਿਸਮ ਦੇ ਛੋਟੇ ਸਰਟੀਫ਼ਿਕੇਟ ਕੋਰਸ ਵੀ ਸ਼ੁਰੂ ਕੀਤੇ ਜਾ ਸਕਦੇ ਹਨ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਕੈਲੰਡਰ ’ਤੇ ਆਧਾਰਿਤ ਕੰਮ ਕਰਦੀ ਹੈ। ਯੂਨੀਵਰਸਿਟੀ ’ਚ ਸੁਧਾਰ ਲਿਆਉਣ ਲਈ ਜੇਕਰ ਸਾਨੂੰ ਕੈਲੰਡਰ ’ਚ ਸੋਧ ਕਰਨੀ ਪਈ ਤਾਂ ਉਹ ਵੀ ਹੋਵੇਗੀ। ਉਨ੍ਹਾਂ ਆਖਿਆ ਕਿ ਸੁਧਾਰ ਲਈ ਜੋ ਵੀ ਕਰਨਾ ਹੋਵੇ, ਉਹ ਕਰਾਂਗਾ। ਇਸ ਲਈ ਯੂਨੀਵਰਸਿਟੀ ਦੇ ਅਧਿਕਾਰੀ, ਅਧਿਆਪਕ, ਕਰਮਚਾਰੀ ਇਸ ਗੱਲ ਨੂੰ ਤਿਆਰ ਰਹਿਣ।