
ਲੁਧਿਆਣਾ (ਰਾਮ) : ਸਰਕਾਰ ਵਲੋਂ ਲਾਇਸੈਂਸ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਆਧੁਨਿਕ ਬਣਾਉਣ ਲਈ ਬਣਾਏ ਗਏ ਸਰਕਾਰੀ ਡਰਾਈਵਿੰਗ ਟੈਸਟ ਟਰੈਕ ਅਵਿਵਸਥਾ ਦਾ ਕੇਂਦਰ ਬਣ ਗਿਆ ਹੈ। ਲੁਧਿਆਣਾ ਦੇ ਇਸ ਟਰੈਕ ’ਤੇ ਕਈ ਵਾਰ ਕੈਮਰੇ ਖਰਾਬ ਹੋ ਹਨ, ਕਈ ਵਾਰ ਸਰਵਰ ਡਾਊਨ ਹੁੰਦਾ ਹੈ। ਕਈ ਵਾਰ, ਸਟਾਫ ਦੀ ਅਣ-ਉਪਲੱਬਧਤਾ ਵੀ ਦਿਖਾਈ ਦਿੰਦੀ ਹੈ। ਆਮ ਬਿਨੈਕਾਰ, ਜੋ ਦੂਰ-ਦੁਰਾਡੇ ਥਾਵਾਂ ਤੋਂ ਛੁੱਟੀ ਲੈ ਕੇ ਇਥੇ ਆਉਂਦੇ ਹਨ, ਇਨ੍ਹਾਂ ਤਕਨੀਕੀ ਅਤੇ ਪ੍ਰਸ਼ਾਸਕੀ ਖਾਮੀਆਂ ਦਾ ਖਮਿਆਜ਼ਾ ਭੁਗਤ ਰਹੇ ਹਨ।
ਬਹੁਤ ਸਾਰੇ ਬਿਨੈਕਾਰਾਂ ਨੂੰ ਇਕੋ ਟੈਸਟ ਲਈ 3 ਤੋਂ 4 ਵਾਰ ਅਪੁਆਇੰਟਮੈਂਟ ਲੈਣੀ ਪੈਂਦੀ ਹੈ। ਇਨ੍ਹਾਂ ’ਚੋਂ ਕੁਝ ਲੋਕ ਅਹਿਮਦਗੜ੍ਹ, ਜਗਰਾਓਂ, ਸ਼ਿਮਲਾਪੁਰੀ, ਚੀਮਾ ਚੌਕ ਵਰਗੇ ਖੇਤਰਾਂ ਦੇ ਹਨ, ਜੋ ਜਾਂ ਤਾਂ ਆਪਣੇ ਕਾਰੋਬਾਰੀ ਅਦਾਰਿਆਂ ਤੋਂ ਛੁੱਟੀ ਲੈਂਦੇ ਹਨ ਜਾਂ ਆਪਣੀ ਰੋਜ਼ਾਨਾ ਦੀ ਮਜ਼ਦੂਰੀ ਛੱਡ ਆਉਂਦੇ ਹਨ। ਜਦੋਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਕੈਮਰਾ ਕੰਮ ਨਹੀਂ ਕਰ ਰਿਹਾਜਾਂ ਸਰਵਰ ਡਾਊਨ ਹੈ ਤਾਂ ਉਨ੍ਹਾਂ ਦੀਆਂ ਉਮੀਦਾਂ ਟੁੱਟ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਦਿਨ ਦੀ ਕਮਾਈ ਬਰਬਾਦ ਹੋ ਜਾਂਦੀ ਹੈ। ਜਦੋਂ ਇਸ ਪੂਰੇ ਮਾਮਲੇ ਬਾਰੇ ਸਹਾਇਕ ਖੇਤਰੀ ਆਵਾਜਾਈ ਅਧਿਕਾਰੀ (ਏ. ਟੀ. ਓ.) ਦੀਪਕ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਮੱਸਿਆ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਨੈੱਟਵਰਕ ’ਚ ਇਕ ਸਮੱਸਿਆ ਹੈ। ਅਸੀਂ ਤਕਨੀਕੀ ਕੰਪਨੀ ਨੂੰ ਜਲਦੀ ਹੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਕਿਹਾ ਹੈ ਪਰ ਜਦੋਂ ਸਬੰਧਤ ਕੰਪਨੀ ਦੇ ਤਕਨੀਕੀ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਏ. ਟੀ. ਓ. ਦੇ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਕਿਹਾ ਕਿ ਇੰਟਰਨੈੱਟ ’ਚ ਕੋਈ ਸਮੱਸਿਆ ਨਹੀਂ ਹੈ। ਅਸਲ ਸਮੱਸਿਆ ਡਰਾਈਵਿੰਗ ਟਰੈਕ ’ਤੇ ਲਗਾਏ ਗਏ ਕੈਮਰਿਆਂ ਦੀ ਹੈ, ਜੋ ਕਿ ਖਰਾਬ ਹੋ ਗਏ ਹਨ। ਅਸੀਂ ਇਸ ਬਾਰੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ।
ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਜਦੋਂ ਹਾਲ ਹੀ ’ਚ ਟਰੈਕ ’ਤੇ ਨਵੇਂ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਸਨ, ਤਾਂ ਉਹ ਸਿਰਫ ਡੇਢ ਮਹੀਨੇ ’ਚ ਕਿਵੇਂ ਖਰਾਬ ਹੋ ਗਏ? ਕੀ ਇਹ ਕੈਮਰੇ ਸਿਰਫ ਰਸਮੀ ਤੌਰ ’ਤੇ ਲਗਾਏ ਗਏ ਸਨ ਜਾਂ ਗੁਣਵੱਤਾ ’ਚ ਕੋਈ ਕਮੀ ਸੀ? ਇਸ ਤਰ੍ਹਾਂ ਸਰਕਾਰੀ ਪੈਸੇ ਦੀ ਬਰਬਾਦੀ ਵੀ ਜਾਂਚ ਦਾ ਵਿਸ਼ਾ ਹੈ।
ਬਿਨੈਕਾਰਾਂ ਨੂੰ ਹੋ ਰਿਹਾ ਦੋਹਰਾ ਨੁਕਸਾਨ:
ਸਮੇਂ ਅਤੇ ਪੈਸੇ ਦੀ ਬਰਬਾਦੀ : ਵਾਰ-ਵਾਰ ਅਪਾਇੰਟਮੈਂਟ ਲੈਣਾ, ਟਰੈਕ ’ਤੇ ਆਉਣਾ, ਦਿਨ ਦਾ ਕੰਮ ਛੱਡ ਕੇ ਜਾਣਾ - ਹਰ ਚੀਜ਼ ਦੀ ਕੀਮਤ ਬਿਨੈਕਾਰ ਦੀ ਜੇਬ ’ਚੋਂ ਨਿਕਲ ਰਹੀ ਹੈ।
ਮਾਨਸਿਕ ਤਣਾਅ : ਜਦੋਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਤਾਂ ਲੋਕ ਨਿਰਾਸ਼ ਅਤੇ ਗੁੱਸੇ ’ਚ ਆ ਜਾਂਦੇ ਹਨ।
ਫੀਸਾਂ ਦੀ ਵੈਧਤਾ ’ਤੇ ਸਵਾਲ : ਬਿਨੈਕਾਰਾਂ ਵਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਟੈਸਟ ਨਹੀਂ ਕਰਵਾਇਆ ਜਾ ਰਿਹਾ ਹੈ, ਤਾਂ ਫੀਸਾਂ ਦਾ ਕੀ ਹੋਵੇਗਾ? ਕੀ ਉਨ੍ਹਾਂ ਨੂੰ ਰਿਫੰਡ ਮਿਲੇਗਾ ਜਾਂ ਕੀ ਉਨ੍ਹਾਂ ਨੂੰ ਦੁਬਾਰਾ ਫੀਸਾਂ ਦਾ ਭੁਗਤਾਨ ਕਰਨਾ ਪਵੇਗਾ?