
ਜਲੰਧਰ (ਰਾਘਵ): ਸਬ-ਰਜਿਸਟਰਾਰ ਦਫ਼ਤਰ ਜਲੰਧਰ-2 ਵਿਚ ਤਾਇਨਾਤ ਦੋਵਾਂ ਜੁਆਇੰਟ ਸਬ-ਰਜਿਸਟਰਾਰਾਂ ਵੱਲੋਂ ਹੁਣ ਓਡ-ਈਵਨ ਸਿਸਟਮ ਦੀ ਤਰਜ਼ ’ਤੇ ਵਾਰੀ-ਵਾਰੀ ਕੰਮ ਕਰਨ ਦਾ ਫ਼ੈਸਲਾ ਲੈਣ ਨਾਲ ਰਜਿਸਟਰੀ ਪ੍ਰਕਿਰਿਆ ਦੀ ਰਫ਼ਤਾਰ ਮੱਠੀ ਹੋ ਗਈ ਹੈ। ਇਸ ਕਾਰਨ ਬਿਨੈਕਾਰਾਂ ਨੂੰ ਨਾ ਸਿਰਫ਼ ਜ਼ਿਆਦਾ ਸਮਾਂ ਉਡੀਕ ਕਰਨੀ ਪੈ ਰਹੀ ਹੈ, ਸਗੋਂ ਦਫ਼ਤਰ ਵਿਚ ਭੀੜ ਵੀ ਬਣੀ ਰਹਿੰਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜਲੰਧਰ-1 ਅਤੇ 2 ਦੇ ਦੋਵਾਂ ਸਬ-ਰਜਿਸਟਰਾਰ ਦਫ਼ਤਰਾਂ ਵਿਚ 4 ਜੁਆਇੰਟ ਸਬ-ਰਜਿਸਟਰਾਰ ਦੀ ਤਾਇਨਾਤੀ ਕੀਤੀ ਸੀ, ਜਿਸ ਤੋਂ ਬਾਅਦ ਇਨ੍ਹਾਂ ਚਾਰਾਂ ਜੁਆਇੰਟ ਸਬ-ਰਜਿਸਟਰਾਰਾਂ ਦੀਆਂ ਵੱਖ-ਵੱਖ ਲਾਗ-ਇਨ ਆਈ. ਡੀਜ਼ ਬਣਾਈਆਂ ਗਈਆਂ ਸਨ ਤਾਂ ਕਿ ਦਸਤਾਵੇਜ਼ ਦੀ ਰਜਿਸਟਰੀ ਅਤੇ ਅਪਰੂਵਲ ਦੀ ਪ੍ਰਕਿਰਿਆ ਆਸਾਨ, ਤੇਜ਼ ਅਤੇ ਪਾਰਦਰਸ਼ੀ ਬਣਾਈ ਜਾ ਸਕੇ ਪਰ ਜਲੰਧਰ -2 ਵਿਚ ਤਾਇਨਾਤ ਸਬ-ਰਜਿਸਟਰਾਰ ਜਗਤਾਰ ਸਿੰਘ ਅਤੇ ਰਵਨੀਤ ਕੌਰ ਨੇ ਰਜਿਸਟ੍ਰੇਸ਼ਨ ਦੀ ਡਿਊਟੀ ਨੂੰ ਦਿਨ ਵੰਡ ਕੇ ਨਿਭਾਉਣ ਦਾ ਫ਼ੈਸਲਾ ਲਿਆ ਹੈ, ਜਿਸ ਕਾਰਨ ਰਜਿਸਟਰੀਆਂ ਦੀ ਪ੍ਰਕਿਰਿਆ ਵਿਚ ਸੁਸਤੀ ਆ ਗਈ ਹੈ।
ਉਥੇ ਹੀ ਸਬ-ਰਜਿਸਟਰਾਰ-1 ਦਫ਼ਤਰ ਵਿਚ ਨਿਯੁਕਤ ਦੋਵੇਂ ਅਧਿਕਾਰੀ ਅਜੇ ਵੀ ਇਕੱਠੇ ਦੋਵੇਂ ਆਈ. ਡੀਜ਼ ਆਪ੍ਰੇਟ ਕਰਦੇ ਹੋਏ ਰਜਿਸਟਰੀ ਪ੍ਰਕਿਰਿਆ ਨੂੰ ਨਿਪਟਾਉਣ ਦਾ ਯਤਨ ਕਰ ਰਹੇ ਹਨ। ਇਸ ਮਾਮਲੇ ਵਿਚ ਇਕ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਦੋਵਾਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੂਲ ਕੰਮ ਤੋਂ ਇਲਾਵਾ ਐਡੀਸ਼ਨਲ ਚਾਰਜ ਵੀ ਸੌਂਪਿਆ ਗਿਆ ਹੈ। ਸਬ-ਰਜਿਸਟਰਾਰ-1 ਦਫ਼ਤਰ ਦੇ ਜੁਆਇੰਟ ਸਬ-ਰਜਿਸਟਰਾਰ ਦਮਨਵੀਰ ਸਿੰਘ ਅਤੇ ਗੁਰਮਨ ਗੋਲਡੀ ਨੇ ਕਿਹਾ ਕਿ ਉਨ੍ਹਾਂ ਦੇ ਦਫਤਰ ਵਿਚ ਐਪੁਆਇੰਟਮੈਂਟਸ ਅਤੇ ਦਸਤਾਵੇਜ਼ਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਇਸ ਲਈ ਉਹ ਦੋਵੇਂ ਮਿਲ ਕੇ ਦੋਵੇਂ ਆਈ. ਡੀਜ਼ ’ਤੇ ਲਗਾਤਾਰ ਕੰਮ ਕਰ ਰਹੇ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਦੇਰੀ ਤੋਂ ਬਚਿਆ ਜਾ ਸਕੇ। ਦੂਜੇ ਪਾਸੇ ਬਿਨੈਕਾਰਾਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਸਰਕਾਰ ਨੇ ਦੋਵਾਂ ਦਫਤਰਾਂ ਵਿਚ 2-2 ਜੁਆਇੰਟ ਸਬ-ਰਜਿਸਟਰਾਰ ਲਾਏ ਹਨ ਤਾਂ ਲੋਕਾਂ ਦੀ ਇਸ ਸਹੂਲਤ ਨੂੰ ਨਜ਼ਰਅੰਦਾਜ਼ ਨਾ ਕਰਦੇ ਹੋਏ ਉੱਚ ਅਧਿਕਾਰੀ ਉਨ੍ਹਾਂ ਕੋਲੋਂ ਐਡੀਸ਼ਨਲ ਕਾਰਜਭਾਰ ਵਾਪਸ ਲੈ ਕੇ ਕਿਸੇ ਹੋਰ ਅਧਿਕਾਰੀਆਂ ਨੂੰ ਸੌਂਪਣ ਤਾਂ ਕਿ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਮੱਠੀ ਹੋਣ ਨਾਲ ਆਮ ਜਨਤਾ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ।