
ਅੰਮ੍ਰਿਤਸਰ (ਰਾਘਵ)- ਨਗਰ ਨਿਗਮ ਅੰਮ੍ਰਿਤਸਰ ਨੂੰ ਅੱਜ ਆਪਣਾ ਮੇਅਰ ਮਿਲ ਗਿਆ ਹੈ। ਦੱਸ ਦੇਈਏ ਕਿ ਜਤਿੰਦਰ ਸਿੰਘ ਮੋਤੀ ਭਾਟੀਆ (ਆਪ) ਅੰਮ੍ਰਿਤਸਰ ਦੇ ਮੇਅਰ ਬਣ ਗਏ ਹਨ। ਉੱਥੇ ਹੀ ਪ੍ਰਿਅੰਕਾ ਸ਼ਰਮਾ ਸੀਨੀਅਰ ਮੇਅਰ (ਆਪ) ਅਤੇ ਅਨੀਤਾ ਰਾਣੀ ਡਿਪਟੀ ਮੇਅਰ (ਆਪ) ਵਜੋਂ ਅਹੁਦਾ ਸੰਭਾਲਣਗੇ। ਦੱਸ ਦੇਈਏ ਕਿ ਮੇਅਰ ਦੀ ਚੋਣ ਹੋਣ ਮਗਰੋਂ ਕਾਂਗਰਸ ਆਗੂਆਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਅਰ ਬਾਰੇ ਕੋਈ ਵੋਟਿੰਗ ਨਹੀਂ ਹੋਈ ਅਤੇ ਸਿੱਧਾ ਹੀ ਮੇਅਰ ਦਾ ਨਾਂ ਐਲਾਨ ਦਿੱਤਾ ਗਿਆ। ਇੱਥੇ ਇਹ ਵੀ ਦੱਸ ਦੇਈਏ 85 ਵਾਰਡਾਂ ਵਾਲੇ ਅੰਮ੍ਰਿਤਸਰ ਵਿੱਚ ਮੇਅਰ ਲਈ 46 ਕੌਂਸਲਰਾਂ ਦਾ ਬਹੁਮਤ ਜ਼ਰੂਰੀ ਸੀ। ਚੋਣਾਂ ਵਿੱਚ ਕਾਂਗਰਸ ਦੇ ਸਭ ਤੋਂ ਵੱਧ 40 ਕੌਂਸਲਰ ਸਨ। ਆਮ ਆਦਮੀ ਪਾਰਟੀ ਦੇ 24 ਕੌਂਸਲਰ ਜਿੱਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ 7 ਆਜ਼ਾਦ ਅਤੇ 2 ਭਾਜਪਾ ਕੌਂਸਲਰਾਂ ਦੀ ਹਮਾਇਤ ਦਾ ਵੀ ਦਾਅਵਾ ਕੀਤਾ ਸੀ। ਕਾਂਗਰਸ ਨੇ ਇੱਕ ਆਜ਼ਾਦ ਦੀ ਹਮਾਇਤ ਦਾ ਦਾਅਵਾ ਕਰਦਿਆਂ 41 ਕੌਂਸਲਰਾਂ ਦੀ ਹਮਾਇਤ ਦਾ ਦਾਅਵਾ ਕੀਤਾ ਸੀ। ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਕਾਂਗਰਸ ਮੇਅਰ ਬਣਾਉਣ 'ਚ ਨਾਕਾਮ ਰਹੀ। ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਵਿਧਾਇਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ। ਅੰਮ੍ਰਿਤਸਰ ਦੇ ਬੁਨਿਆਦੀ ਮੁੱਦਿਆਂ 'ਤੇ ਪਹਿਲਾਂ ਕੰਮ ਕੀਤਾ ਜਾਵੇਗਾ। ਸ਼ਹਿਰ ਵਿੱਚ ਸਫ਼ਾਈ ਅਤੇ ਸੀਵਰੇਜ ਦਾ ਮਸਲਾ ਜਲਦੀ ਹੱਲ ਕੀਤਾ ਜਾਵੇਗਾ।