ਚੰਡੀਗੜ੍ਹ (ਰਾਘਵ): ਪੰਜਾਬ ਵਿਚ ਲਗਾਤਾਰ ਵੱਧ ਰਹੀ ਗਰਮੀ ਅਤੇ ਲੂ ਦੀ ਸਥਿਤੀ ਨੂੰ ਦੇਖਦੇ ਹੋਏ ਸਕੂਲਾਂ ਦੇ ਸਮੇਂ ਵਿਚ ਬਦਲਾਅ ਹੋ ਸਕਦਾ ਹੈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਣ ਭਾਵੇਂ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਪਰ ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿਚ ਭਿਆਨਕ ਗਰਮੀ ਅਤੇ ਲੂ ਚੱਲਣ ਦੀ ਚਿਤਾਵਨੀ ਦਿੱਤੀ ਹੈ। ਵਿਭਾਗੀ ਸੂਤਰਾਂ ਅਨੁਸਾਰ ਜੇਕਰ ਆਉਂਦੇ ਦਿਨਾਂ ਦੌਰਾਨ ਗਰਮੀ ਹੋਰ ਵੱਧਦੀ ਹੈ ਤਾਂ ਸਰਕਾਰ ਸਕੂਲਾਂ ਵਿਚ ਸਮੇਂ ਤੋਂ ਪਹਿਲਾਂ ਗਰਮੀਆਂ ਦੀ ਛੁੱਟੀਆਂ ਕੀਤੀਆਂ ਕਰ ਸਕਦੀ ਹੈ ਜਾਂ ਫਿਰ ਸਮੇਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ ਆਨਲਾਈਨ ਕਲਾਸ ਲਗਾਉਣ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ ਵਿਚ ਸਕੂਲਾਂ ਨੂੰ ਆਖਿਆ ਗਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਲਈ ਉਤਸ਼ਾਹਿਤ ਕਰਨ, ਭਾਵੇਂ ਉਨ੍ਹਾਂ ਨੂੰ ਪਿਆਸ ਨਾ ਵੀ ਲੱਗੀ ਹੋਵੇ। ਓ.ਆਰ.ਐੱਸ, ਨਿੰਬੂ ਪਾਣੀ, ਲੱਸੀ ਵਰਗੇ ਘਰੇਲੂ ਤਰਲ ਪਦਾਰਥਾਂ ਦਾ ਸੇਵਨ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ। ਬੱਚਿਆਂ ਨੂੰ ਹਲਕੇ ਰੰਗਾਂ ਦੇ, ਢਿੱਲੇ ਅਤੇ ਸੂਤੀ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਵੇ। ਧੁੱਪ ਵਿਚ ਬਾਹਰ ਨਿਕਲਦੇ ਸਮੇਂ ਸਿਰ ਢੱਕਣ ਲਈ ਟੋਪੀ, ਕੱਪੜਾ ਜਾਂ ਛੱਤਰੀ ਦੀ ਵਰਤੋਂ ਕੀਤੀ ਜਾਵੇ। ਘਰ ਦੇ ਅੰਦਰ ਜਾਂ ਛਾਂ ਵਿਚ ਰਹੋ: ਦਿਨ ਦੇ ਗਰਮ ਸਮੇਂ ਦੌਰਾਨ (ਖਾਸ ਕਰਕੇ ਦੁਪਹਿਰ 12 ਤੋਂ 3 ਵਜੇ ਤੱਕ) ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਸਰੀਰਕ ਗਤੀਵਿਧੀਆਂ ਜਾਂ ਬਾਹਰੀ ਖੇਡਾਂ ਨੂੰ ਦਿਨ ਦੇ ਠੰਡੇ ਸਮੇਂ, ਯਾਨੀ ਸਵੇਰ ਜਾਂ ਸ਼ਾਮ ਤੱਕ ਮੁਲਤਵੀ ਕੀਤਾ ਜਾਵੇ। ਸਥਾਨਕ ਮੌਸਮ ਦੀ ਜਾਣਕਾਰੀ ਲਈ ਰੇਡੀਓ, ਟੀਵੀ ਜਾਂ ਅਖ਼ਬਾਰ ਸੁਣਨ/ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ।



